ਭਾਰਤੀ ਕ੍ਰਿਕੇਟ ਦੀ ਨਵੀਂ ਪਹਿਲਕਦਮੀ: ਰਣਜੀ ਟਰਾਫ਼ੀ ਵਿੱਚ ਨਜ਼ਰ ਆਉਣਗੀਆਂ ਤਿੰਨ ਮਹਿਲਾ ਅੰਪਾਇਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੁਰਸ਼ਾਂ ਦੀ ਕ੍ਰਿਕੇਟ 'ਚ ਕਈ ਚੁਣੌਤੀਆਂ ਵਿੱਚੋਂ ਲੰਘਣਗੀਆਂ ਇਹ ਮਹਿਲਾ ਅੰਪਾਇਰ

Image

 

ਨਵੀਂ ਦਿੱਲੀ - ਵਰਿੰਦਾ ਰਾਠੀ, ਜਨਨੀ ਨਾਰਾਇਣ ਅਤੇ ਗਾਇਤਰੀ ਵੇਣੂਗੋਪਾਲਨ ਦੇ ਨਾਂਅ ਨਾਲ ਜਾਣੀਆਂ ਜਾਂਦੀਆਂ ਤਿੰਨ ਮਹਿਲਾ ਅੰਪਾਇਰਾਂ ਦੀ ਅੰਪਾਇਰਿੰਗ ਨਾਲ, ਰਣਜੀ ਟਰਾਫ਼ੀ ਦੌਰਾਨ ਭਾਰਤੀ ਕ੍ਰਿਕੇਟ ਵਿੱਚ ਇੱਕ ਨਵੀਂ ਪਹਿਲਕਦਮੀ ਸ਼ੁਰੂ ਹੋਣ ਜਾ ਰਹੀ ਹੈ। 

ਭਾਰਤੀ ਕ੍ਰਿਕੇਟ 'ਚ ਇਹ ਪਹਿਲੀ ਵਾਰ ਹੋਵੇਗਾ ਕਿ ਪੁਰਸ਼ ਕ੍ਰਿਕੇਟ ਮੈਚ ਵਿੱਚ ਮਹਿਲਾ ਅੰਪਾਇਰ ਫ਼ੈਸਲੇ ਕਰੇਗੀ। ਗਾਇਤਰੀ ਇਸ ਤੋਂ ਪਹਿਲਾਂ ਰਣਜੀ ਟਰਾਫ਼ੀ 'ਚ ਰਿਜ਼ਰਵ ਭਾਵ ਚੌਥੇ ਅੰਪਾਇਰ ਦੀ ਭੂਮਿਕਾ ਨਿਭਾ ਚੁੱਕੀ ਹੈ।

ਰਣਜੀ ਟਰਾਫ਼ੀ 13 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ। ਸੰਜੋਗ ਨਾਲ ਭਾਰਤੀ ਮਹਿਲਾ ਕ੍ਰਿਕੇਟ ਟੀਮ ਆਸਟ੍ਰੇਲੀਆ ਖ਼ਿਲਾਫ਼ ਘਰੇਲੂ ਸੀਰੀਜ਼ ਵਿੱਚ ਹਿੱਸਾ ਲੈ ਰਹੀ ਹੈ। ਅਜਿਹੇ 'ਚ ਇਨ੍ਹਾਂ ਤਿੰਨਾਂ ਮਹਿਲਾ ਅੰਪਾਇਰਾਂ ਨੂੰ ਰਣਜੀ ਟਰਾਫ਼ੀ 'ਚ ਚੁਣੇ ਗਏ ਮੈਚਾਂ 'ਚ ਹੀ ਅੰਪਾਇਰਿੰਗ ਕਰਨ ਦਾ ਮੌਕਾ ਮਿਲੇਗਾ।

ਚੇਨਈ ਦੀ ਰਹਿਣ ਵਾਲੀ ਨਰਾਇਣ ਅਤੇ ਮੁੰਬਈ ਨਿਵਾਸੀ ਰਾਠੀ ਮਾਂਝੀ ਤਜਰਬੇਕਾਰ ਅੰਪਾਇਰ ਹਨ, ਜਿਨ੍ਹਾਂ ਨੂੰ 2018 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੇ ਅੰਪਾਇਰਾਂ ਦੇ ਵਿਕਾਸ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਸੀ। 

ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪੁਰਸ਼ ਖਿਡਾਰੀਆਂ ਨਾਲ ਨਜਿੱਠਣਾ ਇਨ੍ਹਾਂ ਤਿੰਨਾਂ ਮਹਿਲਾ ਅੰਪਾਇਰਾਂ ਲਈ ਵੱਡੀ ਚੁਣੌਤੀ ਹੋਵੇਗੀ। ਰਣਜੀ ਟਰਾਫ਼ੀ 'ਚ ਬਹੁਤ ਕੁਝ ਦਾਅ 'ਤੇ ਲੱਗਿਆ ਹੁੰਦਾ ਹੈ, ਅਤੇ ਖਿਡਾਰੀ ਮੈਦਾਨ 'ਤੇ ਆਪਣੇ ਹਮਲਾਵਰ ਰੁਖ਼ ਦਾ ਪ੍ਰਗਟਾਵਾ ਕਰ ਸਕਦੇ ਹਨ।

ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, "ਅੰਪਾਇਰ ਹੋਣ ਦੇ ਨਾਤੇ, ਤੁਸੀਂ ਮੈਦਾਨ 'ਤੇ ਨਰਮ ਰੁਖ਼ ਨਹੀਂ ਅਪਣਾ ਸਕਦੇ, ਨਹੀਂ ਤਾਂ ਖਿਡਾਰੀ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰਨਗੇ। ਤੁਹਾਨੂੰ ਸਖ਼ਤ ਹੋਣਾ ਪਵੇਗਾ ਅਤੇ ਨਿਯਮਾਂ ਨੂੰ ਚੰਗੀ ਤਰ੍ਹਾਂ ਲਾਗੂ ਕਰਨਾ ਹੋਵੇਗਾ। ਖਿਡਾਰੀਆਂ ਨਾਲ ਗੱਲਬਾਤ ਮਹੱਤਵਪੂਰਨ ਹੈ। ਪਰ ਇਹ ਤਿੰਨੇ ਅੰਪਾਇਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਅਤੇ ਉਮੀਦ ਹੈ ਕਿ ਉਹ ਰਣਜੀ ਟਰਾਫ਼ੀ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਨਗੇ।"

32 ਸਾਲਾ ਰਾਠੀ ਨੇ ਮੁੰਬਈ ਦੇ ਮੈਦਾਨਾਂ ਵਿੱਚ ਆਪਣਾ ਅੰਪਾਇਰਿੰਗ ਦਾ ਹੁਨਰ ਨਿਖਾਰਿਆ, ਜਦ ਕਿ 36 ਸਾਲਾ ਨਰਾਇਣ ਨੇ ਅੰਪਾਇਰਿੰਗ ਆਪਣੀ ਸਾਫ਼ਟਵੇਅਰ ਇੰਜੀਨੀਅਰ ਦੀ ਨੌਕਰੀ ਛੱਡ ਦਿੱਤੀ। ਵੇਣੂਗੋਪਾਲਨ 43 ਸਾਲ ਦੀ ਹੈ, ਅਤੇ ਉਸ ਨੇ ਬੀਸੀਸੀਆਈ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ 2019 ਵਿੱਚ ਅੰਪਾਇਰਿੰਗ ਸ਼ੁਰੂ ਕੀਤੀ ਸੀ।

ਮਹਿਲਾ ਅੰਪਾਇਰਿੰਗ ਦੇ ਮਾਮਲੇ ਵਿੱਚ ਬੀਸੀਸੀਆਈ ਵੱਲੋਂ ਬਹੁਤ ਕੁਝ ਕਰਨਾ ਬਾਕੀ ਹੈ, ਕਿਉਂਕਿ ਆਸਟ੍ਰੇਲੀਆ ਅਤੇ ਇੰਗਲੈਂਡ ਵਿੱਚ ਔਰਤਾਂ ਪਹਿਲਾਂ ਹੀ ਪੁਰਸ਼ਾਂ ਦੀ ਕ੍ਰਿਕੇਟ ਵਿੱਚ ਕੰਮ ਕਰ ਚੁੱਕੀਆਂ ਹਨ। ਬੀਸੀਸੀਆਈ ਦੇ 150 ਰਜਿਸਟਰਡ ਅੰਪਾਇਰਾਂ ਵਿੱਚੋਂ ਮਹਿਲਾ ਅੰਪਾਇਰ ਸਿਰਫ਼ ਤਿੰਨ ਹਨ।

ਬੀਸੀਸੀਆਈ ਅਧਿਕਾਰੀ ਨੇ ਕਿਹਾ, 'ਅਸੀਂ ਰਣਜੀ ਟਰਾਫ਼ੀ 'ਚ ਉਨ੍ਹਾਂ ਦੇ ਮੈਚਾਂ ਦੀ ਯੋਜਨਾ ਨਹੀਂ ਬਣਾ ਸਕਦੇ, ਪਰ ਅਸੀਂ ਉਨ੍ਹਾਂ ਦੀ ਉਪਲਬਧਤਾ ਦੇ ਹਿਸਾਬ ਨਾਲ ਉਨ੍ਹਾਂ ਨੂੰ ਮੈਚ ਦੇਵਾਂਗੇ। ਆਸਟਰੇਲੀਆ ਦੀ ਮਹਿਲਾ ਟੀਮ ਭਾਰਤ ਆ ਰਹੀ ਹੈ ਅਤੇ ਉਸ ਤੋਂ ਬਾਅਦ ਨਿਊਜ਼ੀਲੈਂਡ ਏ ਟੀਮ ਦਾ ਦੌਰਾ ਹੋਵੇਗਾ। ਇਸ ਤੋਂ ਇਲਾਵਾ ਘਰੇਲੂ ਮਹਿਲਾ ਕ੍ਰਿਕਟ ਵੀ ਹੈ। ਸਾਨੂੰ ਉਸ ਵਿੱਚ ਵੀ ਉਨ੍ਹਾਂ ਦੀ ਲੋੜ ਪਵੇਗੀ।