ਕਬੱਡੀ ਖਿਡਾਰਨ ਨੇ ਕੋਚ 'ਤੇ ਲਗਾਏ ਜਿਨਸੀ ਸ਼ੋਸ਼ਣ, ਬਲੈਕਮੇਲ ਦੇ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕੋਚ ਦੇ ਬੈਂਕ ਖਾਤੇ 'ਚ 43.5 ਲੱਖ ਰੁਪਏ ਟਰਾਂਸਫ਼ਰ ਕਰਨ ਦਾ ਕੀਤਾ ਦਾਅਵਾ 

Representational Image

 

ਨਵੀਂ ਦਿੱਲੀ - ਇੱਕ 27 ਸਾਲਾ ਕੌਮੀ ਪੱਧਰ ਦੀ ਕਬੱਡੀ ਖਿਡਾਰਨ ਨੇ ਆਪਣੇ ਕੋਚ 'ਤੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਫ਼ਿਰ ਉਸ ਦੀਆਂ ਨਿੱਜੀ ਤਸਵੀਰਾਂ ਵਾਇਰਲ ਕਰਨ ਦਾ ਡਰਾਵਾ ਦੇ ਕੇ ਬਲੈਕਮੇਲ ਕਰਨ ਦਾ ਦੋਸ਼ ਲਾਇਆ ਹੈ।

ਖਿਡਾਰਨ ਨੇ ਦਾਅਵਾ ਕੀਤਾ ਕਿ ਕੋਚ ਨੇ ਉਸ ਤੋਂ ਪੈਸੇ ਵੀ ਵਸੂਲ ਕੀਤੇ। ਪੁਲਿਸ ਨੇ ਇਸ ਸੰਬੰਧੀ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਕੋਲ ਪਿਛਲੇ ਹਫ਼ਤੇ ਬਾਬਾ ਹਰੀਦਾਸ ਨਗਰ ਪੁਲਿਸ ਸਟੇਸ਼ਨ 'ਚ ਖਿਡਾਰਨ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇੱਕ ਸੀਨੀਅਰ ਅਧਿਕਾਰੀ ਨੇ ਇਸ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ (ਖਿਡਾਰਨ) 2012 ਤੋਂ ਕਬੱਡੀ ਮੁਕਾਬਲਿਆਂ ਦੀ ਤਿਆਰੀ ਕਰ ਰਹੀ ਸੀ।

ਅਧਿਕਾਰੀ ਨੇ ਕਿਹਾ, "ਸ਼ੱਕੀ ਮੁਲਜ਼ਮ ਦੀ ਇੱਕ ਅਕੈਡਮੀ ਸੀ ਜਿੱਥੇ ਖਿਡਾਰਨ ਉਸ ਦੇ ਸੰਪਰਕ ਵਿੱਚ ਆਈ।"

ਖਿਡਾਰਨ ਨੇ ਪੁਲਿਸ ਨੂੰ ਦੱਸਿਆ ਕਿ ਮਾਰਚ 2015 ਵਿੱਚ ਉਸ ਦੇ ਕੋਚ ਨੇ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਨਾਲ ਸਰੀਰਕ ਸੰਬੰਧ ਬਣਾਏ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ, "ਖਿਡਾਰਨ ਨੇ ਅੱਗੇ ਦੱਸਿਆ ਕਿ 2018 ਵਿੱਚ, ਦੋਸ਼ੀ ਨੇ ਉਸ ਨੂੰ ਜਿੱਤੀ ਰਕਮ ਦਾ ਇੱਕ ਹਿੱਸਾ ਦੇਣ ਲਈ ਵੀ ਮਜਬੂਰ ਕੀਤਾ।" 

ਆਪਣੀ ਸ਼ਿਕਾਇਤ 'ਚ ਖਿਡਾਰਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੇ ਕੋਚ ਦੇ ਬੈਂਕ ਖਾਤੇ 'ਚ 43.5 ਲੱਖ ਰੁਪਏ ਟਰਾਂਸਫ਼ਰ ਕੀਤੇ ਹਨ।

ਪੁਲਿਸ ਨੇ ਕਿਹਾ, "ਸਾਲ 2021 ਵਿੱਚ, ਖਿਡਾਰਨ ਦਾ ਵਿਆਹ ਹੋਇਆ ਅਤੇ ਦੋਸ਼ੀ ਉਸ ਨੂੰ ਉਸ ਦੀਆਂ ਨਿੱਜੀ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰ ਰਿਹਾ ਹੈ।"