India vs England 5th Test Day 1: ਪਹਿਲੇ ਦਿਨ ਦੀ ਖੇਡ ਟੀਮ ਇੰਡੀਆ ਦੇ ਨਾਮ, ਇੰਗਲੈਂਡ ਤੋਂ ਸਿਰਫ਼ 83 ਦੌੜਾਂ ਪਿੱਛੇ

ਏਜੰਸੀ

ਖ਼ਬਰਾਂ, ਖੇਡਾਂ

ਇੰਗਲੈਂਡ ਨੂੰ 218 ਦੌੜਾਂ 'ਤੇ ਕਾਇਮ ਕਰਨ ਤੋਂ ਬਾਅਦ ਭਾਰਤ ਨੇ ਪੰਜਵੇਂ ਅਤੇ ਆਖਰੀ ਟੈਸਟ ਕ੍ਰਿਕਟ ਦੇ ਪਹਿਲੇ ਦਿਨ ਇਕ ਵਿਕਟ 'ਤੇ 135 ਦੌੜਾਂ ਬਣਾਈਆਂ।

India vs England 5th Test Day 1

India vs England 5th Test Day 1: ਖੱਬੇ ਹੱਥ ਦੇ ਸਪਿੰਨਰ ਕੁਲਦੀਪ ਯਾਦਵ ਦੀਆਂ ਪੰਜ ਵਿਕਟਾਂ ਅਤੇ 100ਵਾਂ ਟੈਸਟ ਖੇਡ ਰਹੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਦੀਆਂ ਚਾਰ ਵਿਕਟਾਂ ਦੀ ਮਦਦ ਨਾਲ ਇੰਗਲੈਂਡ ਨੂੰ 218 ਦੌੜਾਂ 'ਤੇ ਕਾਇਮ ਕਰਨ ਤੋਂ ਬਾਅਦ ਭਾਰਤ ਨੇ ਪੰਜਵੇਂ ਅਤੇ ਆਖਰੀ ਟੈਸਟ ਕ੍ਰਿਕਟ ਦੇ ਪਹਿਲੇ ਦਿਨ ਇਕ ਵਿਕਟ 'ਤੇ 135 ਦੌੜਾਂ ਬਣਾਈਆਂ।

ਕਪਤਾਨ ਰੋਹਿਤ ਸ਼ਰਮਾ (83 ਗੇਂਦਾਂ ਵਿਚ ਛੇ ਚੌਕੇ, ਦੋ ਛੱਕੇ ਦੀ ਮਦਦ ਨਾਲ ਅਜੇਤੂ 52 ਦੌੜਾਂ) ਅਤੇ ਯਸ਼ਸਵੀ ਜੈਸਵਾਲ (58 ਗੇਂਦਾਂ ਵਿਚ ਪੰਜ ਚੌਕੇ, ਤਿੰਨ ਛੱਕੇ, 57 ਦੌੜਾਂ) ਨੇ ਅਰਧ ਸੈਂਕੜੇ ਬਣਾਉਣ ਤੋਂ ਇਲਾਵਾ ਪਹਿਲੇ ਵਿਕਟ ਲਈ 104 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਦਿਨ ਦੀ ਖੇਡ ਖਤਮ ਹੋਣ ਸਮੇਂ ਸ਼ੁਭਮਨ ਗਿੱਲ 26 ਦੌੜਾਂ ਬਣਾ ਕੇ ਰੋਹਿਤ ਦਾ ਸਾਥ ਦੇ ਰਹੇ ਸਨ। ਭਾਰਤ ਹੁਣ ਇੰਗਲੈਂਡ ਤੋਂ ਸਿਰਫ਼ 83 ਦੌੜਾਂ ਨਾਲ ਪਿੱਛੇ ਹੈ ਅਤੇ ਨੌਂ ਵਿਕਟਾਂ ਬਾਕੀ ਹਨ।

ਇੰਗਲੈਂਡ ਲਈ ਸਲਾਮੀ ਬੱਲੇਬਾਜ਼ ਜੈਕ ਕ੍ਰਾਊਲੀ (108 ਗੇਂਦਾਂ 'ਚ 79 ਦੌੜਾਂ, 11 ਚੌਕੇ ਤੇ ਇਕ ਛੱਕਾ) ਸੱਭ ਤੋਂ ਵੱਧ ਸਕੋਰਰ ਰਹੇ। ਅਸ਼ਵਿਨ ਵਾਂਗ ਅਪਣਾ 100ਵਾਂ ਟੈਸਟ ਖੇਡ ਰਹੇ ਜੌਨੀ ਬੇਅਰਸਟੋ (18 ਗੇਂਦਾਂ ਵਿਚ 29 ਦੌੜਾਂ) ਦੇ ਸਲਾਮੀ ਬੱਲੇਬਾਜ਼ ਬੇਨ ਡਕੇਟ (27), ਜੋ ਰੂਟ (26) ਅਤੇ ਬੇਨ ਫੋਕਸ (24) ਚੰਗੀ ਸ਼ੁਰੂਆਤ ਦਾ ਫਾਇਦਾ ਉਠਾਉਣ ਵਿਚ ਨਾਕਾਮ ਰਹੇ।

ਰੋਹਿਤ ਅਤੇ ਜੈਸਵਾਲ ਦੀ ਸਲਾਮੀ ਜੋੜੀ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਤੀ। ਮਾਰਕ ਵੁੱਡ 'ਤੇ ਚੌਕੇ ਨਾਲ ਖਾਤਾ ਖੋਲ੍ਹਣ ਤੋਂ ਬਾਅਦ ਰੋਹਿਤ ਨੇ ਇਸ ਤੇਜ਼ ਗੇਂਦਬਾਜ਼ ਦੀਆਂ ਲਗਾਤਾਰ ਗੇਂਦਾਂ 'ਤੇ ਇਕ ਛੱਕਾ ਅਤੇ ਇਕ ਚੌਕਾ ਲਗਾਇਆ।

ਇੰਗਲੈਂਡ ਨੇ ਦੂਜੇ ਸੈਸ਼ਨ ਵਿਚ 94 ਦੌੜਾਂ ਜੋੜ ਕੇ ਛੇ ਵਿਕਟਾਂ ਗੁਆ ਦਿਤੀਆਂ ਸਨ। ਸਵੇਰ ਦੇ ਸੈਸ਼ਨ ਵਿਚ ਕ੍ਰਾਊਲੀ ਨੇ ਭਾਰਤੀ ਤੇਜ਼ ਗੇਂਦਬਾਜ਼ਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਅਤੇ ਅਰਧ ਸੈਂਕੜਾ ਜੜਿਆ ਅਤੇ ਲੰਚ ਤਕ ਇੰਗਲੈਂਡ ਦਾ ਸਕੋਰ ਦੋ ਵਿਕਟਾਂ ’ਤੇ 100 ਦੌੜਾਂ ਤਕ ਪਹੁੰਚਾਇਆ।

ਉਮੀਦ ਮੁਤਾਬਕ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਦੀ ਤੇਜ਼ ਗੇਂਦਬਾਜ਼ ਜੋੜੀ ਨੇ ਕ੍ਰਾਊਲੀ ਅਤੇ ਬੇਨ ਡਕੇਟ (58 ਗੇਂਦਾਂ 'ਚ 27 ਦੌੜਾਂ) ਨੂੰ ਪਰੇਸ਼ਾਨ ਕੀਤਾ ਪਰ ਇੰਗਲੈਂਡ ਦੀ ਸਲਾਮੀ ਜੋੜੀ ਭਾਰਤੀ ਗੇਂਦਬਾਜ਼ਾਂ ਨੂੰ 18 ਓਵਰਾਂ ਤਕ ਸਫਲਤਾ ਤੋਂ ਵਾਂਝੇ ਰੱਖਣ 'ਚ ਸਫਲ ਰਹੀ।