ਧੋਨੀ ਨੇ ਜਨਮ ਦਿਨ ਮੌਕੇ ਸਾਥੀ ਖਿਡਾਰੀਆਂ ਤੋਂ ਮੰਗਿਆ ਇਹ ਖ਼ਾਸ ਤੋਹਫ਼ਾ

ਏਜੰਸੀ

ਖ਼ਬਰਾਂ, ਖੇਡਾਂ

ਖਿਡਾਰੀਆਂ ਨੇ ਵਾਅਦਾ ਕੀਤਾ ਕਿ ਉਹ ਅਪਣੀ ਜ਼ਿੰਦ ਜਾਨ ਲਗਾ ਕੇ ਇਹ ਕੱਪ 'ਧੋਨੀ ਭਾਈ' ਦੇ ਨਾਂ ਕਰਨਗੇ

MS Dhoni celebrates 38th birthday with friends and family

ਚੰਡੀਗੜ੍ਹ : ਦੁਨੀਆਂ ਦੇ ਸੱਭ ਤੋਂ ਸਫ਼ਲ ਵਿਕਟਕੀਪਰ ਅਤੇ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਬੀਤੇ ਦਿਨ ਅਪਣਾ 38ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਜਿਥੇ ਧੋਨੀ ਦੇ ਪਰਵਾਰਕ ਮੈਂਬਰ ਹਾਜ਼ਰ ਸਨ, ਉਥੇ ਹੀ ਟੀਮ ਦੇ ਸਾਰੇ ਖਿਡਾਰੀ ਅਤੇ ਪ੍ਰਬੰਧਕੀ ਸਟਾਫ਼ ਦੇ ਮੈਂਬਰ ਵੀ ਹਾਜ਼ਰ ਰਹੇ। ਧੋਨੀ ਦੇ ਜਨਮ ਦਿਨ ਦਾ ਕੇਕ ਉਸ ਦੀ ਬੇਟੀ ਜੀਵਾ ਨੇ ਕੱਟਿਆ ਤੇ ਸੱਭ ਨੇ ਖ਼ੂਬ ਮਸਤੀ ਕੀਤੀ। ਸਦਾ ਚੁੱਪ ਚੁੱਪ ਰਹਿਣ ਵਾਲੇ ਧੋਨੀ ਨੇ ਵੀ ਬਾਕੀ ਖਿਡਾਰੀਆਂ ਨਾਲ ਮਿਲ ਕੇ ਖ਼ੂਬ ਠੁਮਕੇ ਲਾਏ।

 

 

ਇਸ ਦੇ ਨਾਲ ਹੀ ਹਾਰਦਿਕ ਪਾਂਡਿਆ ਨਾਲ ਡਾਂਸ ਕਰਨ ਵੇਲੇ ਉਸ ਨੂੰ ਹੈਲੀਕਾਪਟਰ ਸ਼ਾਟ ਦੀ ਪ੍ਰੈਕਟਿਸ ਵੀ ਕਰਵਾ ਦਿਤੀ। ਜਿਵੇਂ ਹੀ ਸਾਰੀਆਂ ਰਸਮਾਂ ਪੂਰੀਆਂ ਹੋਈਆਂ ਤਾਂ ਸਾਥੀ ਖਿਡਾਰੀਆਂ ਨੇ ਧੋਨੀ ਨੂੰ ਤੋਹਫ਼ੇ ਦੇਣੇ ਸ਼ੁਰੂ ਕੀਤੇ ਤਾਂ ਧੋਨੀ ਨੇ ਇਹ ਤੋਹਫ਼ੇ ਲੈਣ ਤੋਂ ਮਨ੍ਹਾ ਕਰ ਦਿਤਾ ਤੇ ਗੰਭੀਰ ਹੋ ਗਿਆ। ਸੱਭ ਹੈਰਾਨ, ਟੀਮ ਦੇ ਸੱਭ ਤੋਂ ਸੀਨੀਅਰ ਖਿਡਾਰੀ ਨੂੰ ਸਵਾਲ ਵੀ ਕਿਹੜਾ ਪੁੱਛੇ? ਆਖ਼ਰ ਵਿਰਾਟ ਕੋਹਲੀ ਨੇ ਪੁੱਛ ਹੀ ਲਿਆ ਤੇ ਕੋਹਲੀ ਦੇ ਸਵਾਲ ਪੁੱਛਣ 'ਤੇ ਕੈਪਟਨ ਕੂਲ ਮੁਸਕਰਾਇਆ ਤੇ ਕਹਿਣ ਲੱਗਾ ਕਿ ਉਹ ਜਨਮ ਦਿਨ ਦਾ ਤੋਹਫ਼ਾ ਜ਼ਰੂਰ ਲਵੇਗਾ ਪਰ ਇਹ ਸਾਮਾਨ ਨਹੀਂ, ਬਲਕਿ 'ਵਿਸ਼ਵ ਕੱਪ' ਧੋਨੀ ਦੀ ਗੱਲ ਸੁਣ ਕੇ ਸਾਰੇ ਭਾਵੁਕ ਹੋ ਗਏ ਤੇ ਸਾਰੇ ਖਿਡਾਰੀਆਂ ਨੇ ਵਾਅਦਾ ਕੀਤਾ ਕਿ ਉਹ ਅਪਣੀ ਜ਼ਿੰਦ ਜਾਨ ਲਾ ਕੇ ਇਹ ਕੱਪ 'ਧੋਨੀ ਭਾਈ' ਦੇ ਨਾਂ ਕਰਨਗੇ।

 


 

ਪਾਠਕਾਂ ਨੂੰ ਯਾਦ ਹੋਵੇਗਾ ਕਿ ਸਚਿਨ ਨੇ ਪੰਜ ਵਿਸ਼ਵ ਕੱਪ ਖੇਡੇ ਸਨ ਤੇ ਆਖ਼ਰੀ ਵਿਸ਼ਵ ਕੱਪ 2011 ਵਾਲਾ ਜਿੱਤ ਕੇ ਮਹਿੰਦਰ ਸਿੰਘ ਧੋਨੀ ਨੇ ਬਤੌਰ ਕਪਤਾਨ ਸਚਿਨ ਨੂੰ ਸਮਰਪਤ ਕੀਤਾ ਸੀ। ਧੋਨੀ ਅੱਜ ਜਿਸ ਮੁਕਾਮ 'ਤੇ ਹੈ, ਉਸ ਨੂੰ ਅਜਿਹਾ ਤੋਹਫ਼ਾ ਹੀ ਸਕੂਨ ਦੇਵੇਗਾ। ਆਖ਼ਰ ਖਿਡਾਰੀਆਂ ਨੇ 'ਵਿਸ਼ਵ ਕੱਪ' ਦਾ ਤੋਹਫ਼ਾ ਦੇਣ ਦਾ ਵਾਅਦਾ ਕਰ ਕੇ ਲਿਆਂਦੇ ਹੋਏ ਤੋਹਫ਼ੇ ਵੀ ਪੂਰੇ ਸਤਿਕਾਰ ਸਹਿਤ ਧੋਨੀ ਦੀ ਝੋਲੀ ਵਿਚ ਪਾ ਦਿਤੇ।

ਕਦੇ ਬਚਪਨ 'ਚ ਭਿੜੇ ਸੀ ਤੇ ਹੁਣ ਜਵਾਨ ਹੋ ਕੇ ਆਹਮੋ-ਸਾਹਮਣੇ :
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਨਿਊਜ਼ੀਲੈਂਡ ਟੀਮ ਦੇ ਕਪਤਾਨ ਵਿਲੀਅਮਸਨ ਅੱਜ ਤੋਂ 11 ਸਾਲ ਪਹਿਲਾਂ ਆਹਮੋ-ਸਾਹਮਣੇ ਆਏ ਸਨ ਅਤੇ ਉਸ ਵੇਲੇ ਦੀਆਂ ਤਸਵੀਰਾਂ ਦੇਖ ਕੇ ਪਤਾ ਲਗਦਾ ਹੈ ਕਿ ਦੋਹਾਂ ਦੇ ਚਿਹਰਿਆਂ 'ਤੇ ਬੜੀ ਮਾਸੂਮੀਅਤ ਸੀ ਤੇ ਦੋਵੇਂ ਬੱਚੇ ਜਾਪ ਰਹੇ ਹਨ। ਇਹ ਮੌਕਾ 11 ਸਾਲ ਪਹਿਲਾਂ 2008 ਵਿਚ ਅੰਡਰ-19 ਵਿਸ਼ਵ ਕੱਪ ਦਾ ਸੀ। ਉਸ ਵੇਲੇ ਬਤੌਰ ਕਪਤਾਨ ਵਿਰਾਟ ਕੋਹਲੀ ਨੇ ਬਾਜ਼ੀ ਮਾਰ ਲਈ ਸੀ ਤੇ ਹੁਣ ਦੇਖਣਾ ਹੋਵੇਗਾ ਕਿ ਸੈਮੀ ਫ਼ਾਈਨਲ 'ਚ ਕੌਣ ਕਿਸ ਦੀ ਕੰਡ ਲਾਉਂਦਾ ਹੈ। ਇਥੇ ਦੇਖਣ ਵਾਲੀ ਗੱਲ ਇਹ ਹੈ ਕਿ ਭਾਰਤੀ ਟੀਮ ਜੇਤੂ ਲੈਅ 'ਚ ਚਲਦੀ ਹੋਈ ਇਸ ਵੇਲੇ ਅੰਕਾਂ ਦੇ ਮਾਮਲੇ 'ਚ ਸੱਭ ਤੋਂ ਉਪਰ ਹੈ। ਜੇ ਇਹੀ ਲੈਅ ਬਰਕਰਾਰ ਰਹੀ ਤਾਂ ਵਿਸ਼ਵ ਕੱਪ ਭਾਰਤ ਦੀ ਝੋਲੀ 'ਚ ਪੈਣਾ ਤੈਅ ਹੈ।