ਭਾਰਤੀ ਟੀਮ ਦੇ ਵਿਸ਼ਵ ਕੱਪ ਜਿੱਤਣ 'ਤੇ 10 ਦਿਨ ਮੁਫ਼ਤ ਆਟੋ ਚਲਾਏਗਾ ਇਹ ਵਿਅਕਤੀ

ਏਜੰਸੀ

ਖ਼ਬਰਾਂ, ਖੇਡਾਂ

ਪੁਲਵਾਮਾ ਹਮਲੇ ਦਾ ਬਦਲਾ ਲੈਣ 'ਤੇ ਵੀ ਵਾਅਦੇ ਮੁਤਾਬਕ 30 ਦਿਨ ਤਕ ਮੁਫ਼ਤ ਆਟੋ ਚਲਾਇਆ ਸੀ

Auto driver Anil Kumar

ਚੰਡੀਗੜ੍ਹ : ਇੰਗਲੈਂਡ 'ਚ ਖੇਡੇ ਜਾ ਰਹੇ ਆਈਸੀਸੀ ਵਿਸ਼ਵ ਕੱਪ 2019 ਦੇ ਅੰਤਮ ਤਿੰਨ ਮੈਚ ਬਾਕੀ ਹਨ, ਜਿਨ੍ਹਾਂ 'ਚ ਦੋ ਸੈਮੀਫ਼ਾਈਨਲ ਅਤੇ ਇਕ ਫ਼ਾਈਨਲ ਮੈਚ ਸ਼ਾਮਲ ਹਨ। ਵਿਸ਼ਵ ਕੱਪ ਦੇ ਪਹਿਲੇ ਸੈਮੀਫ਼ਾਈਨਲ 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ 9 ਜੁਲਾਈ ਨੂੰ ਮੁਕਾਬਲਾ ਹੋਵੇਗਾ। ਇਸ ਦੌਰਾਨ ਖੇਡ ਪ੍ਰੇਮੀਆਂ ਵੱਲੋਂ ਭਾਰਤੀ ਟੀਮ ਦੀ ਜਿੱਤ ਲਈ ਦੁਆਵਾਂ ਦਾ ਦੌਰ ਵੀ ਜਾਰੀ ਹੈ। 

ਅਜਿਹਾ ਹੀ ਇਕ ਖੇਡ ਪ੍ਰੇਮੀ ਹੈ ਅਨਿਲ ਕੁਮਾਰ, ਜੋ ਚੰਡੀਗੜ੍ਹ 'ਚ ਆਟੋ ਚਲਾਉਂਦਾ ਹੈ। ਉਹ ਬਚਪਨ ਤੋਂ ਹੀ ਕ੍ਰਿਕਟ ਦਾ ਫ਼ੈਨ ਹੈ। ਅਨਿਲ ਕੁਮਾਰ ਚਾਹੁੰਦਾ ਹੈ ਕਿ ਭਾਰਤੀ ਟੀਮ ਤੀਜੀ ਵਾਰ ਵਿਸ਼ਵ ਕੱਪ ਜਿੱਤੇ। ਉਸ ਦੀ ਦਿਲੀ ਇੱਛਾ ਹੈ ਕਿ ਮਹਿੰਦਰ ਸਿੰਘ ਧੋਨੀ ਵਿਸ਼ਵ ਕੱਪ ਆਪਣੇ ਹੱਥ 'ਚ ਫੜ ਕੇ ਸੰਨਿਆਸ ਲੈਣ। ਉਸ ਨੇ ਆਪਣੇ ਆਟੋ 'ਤੇ ਇਕ ਪੋਸਟਰ ਵੀ ਲਗਾਇਆ ਹੋਇਆ ਹੈ, ਜਿਸ 'ਤੇ ਲਿਖਿਆ ਹੈ ਕਿ ਜੇ ਭਾਰਤੀ ਟੀਮ ਵਿਸ਼ਵ ਕੱਪ ਦਾ ਖ਼ਿਤਾਬ ਜਿੱਤ ਲੈਂਦੀ ਹੈ ਤਾਂ ਉਹ 10 ਦਿਨ ਮੁਫ਼ਤ ਆਟੋ ਚਲਾਏਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਪੁਲਵਾਮਾ 'ਚ ਭਾਰਤੀ ਫ਼ੌਜ ਦੀ ਕਾਫ਼ਲੇ 'ਤੇ ਅਤਿਵਾਦੀ ਹਮਲਾ ਹੋਇਆ ਸੀ, ਉਦੋਂ ਵੀ ਅਨਿਲ ਕੁਮਾਰ ਨੇ ਐਲਾਨ ਕੀਤਾ ਸੀ ਕਿ ਜੇ ਸਾਡੀ ਫ਼ੌਜ ਸ਼ਹਾਦਤ ਦਾ ਬਦਲਾ ਲਵੇਗੀ ਤਾਂ ਉਹ ਇਕ ਮਹੀਨਾ ਮੁਫ਼ਤ ਆਟੋ ਚਲਾਏਗਾ। ਭਾਰਤੀ ਫ਼ੌਜ ਨੇ ਜਿਸ ਦਿਨ ਹਵਾਈ ਹਮਲਾ ਕੀਤਾ ਸੀ, ਉਸ ਤੋਂ ਬਾਅਦ ਅਨਿਲ ਕੁਮਾਰ ਨੇ ਆਪਣੇ ਵਾਅਦੇ ਮੁਤਾਬਕ 30 ਦਿਨ ਤਕ ਮੁਫ਼ਤ ਆਟੋ ਚਲਾ ਕੇ ਦੇਸ਼ ਭਗਤੀ ਦੀ ਅਨੌਖੀ ਮਿਸਾਲ ਪੇਸ਼ ਕੀਤੀ ਸੀ।