ਪਹਿਲੇ ਸੈਮੀਫ਼ਾਈਨਲ ਵਿਚ ਭਿੜਨ ਲਈ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਤਿਆਰ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਦੇ ਮੱਧ ਕ੍ਰਮ ਤੇ ਨਿਊਜ਼ੀਲੈਂਡ ਦੇ ਚੋਟੀ ਕ੍ਰਮ ਦੀ ਅਸਫ਼ਲਤਾ ਕਮਜ਼ੋਰ ਪੱਖ

World Cup 2019 : India vs New Zealand semi-final match

ਮੈਨਚੇਸਟਰ : ਵਿਸ਼ਵ ਕੱਪ ਦੀ 'ਹਿਟ ਮੈਨ' ਰੋਹਿਤ ਸ਼ਰਮਾ ਦੀ ਅਗਵਾਈ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਭਾਰਤੀ ਸਿਖ਼ਰ ਕ੍ਰਮ ਵਿਸ਼ਵ ਕੱਪ 2019 ਸੈਮੀ ਫ਼ਾਈਨਲ ਵਿਚ ਜਦੋਂ ਮੈਦਾਨ 'ਚ ਉਤਰੇਗਾ ਤਾਂ ਉਸ ਦਾ ਸਾਹਮਣਾ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਦੀ ਚੁਨੌਤੀ ਨਾਲ ਹੋਵੇਗਾ। ਇਸ ਟੂਰਨਾਮੈਂਟ ਵਿਚ 'ਪਲਾਨ ਬੀ' ਦੀ ਘਾਟ 'ਚ ਵਿਰਾਟ ਕੋਹਲੀ ਦੀ ਟੀਮ ਅਪਣੀਆਂ ਕਮੀਆਂ ਨੂੰ ਢਕਣ ਵਿਚ ਕਾਮਯਾਬ ਰਹੀ ਹੈ ਪਰ ਹੁਣ ਆਖ਼ਰੀ ਦੋ ਤਿਲਸਮ 'ਤੇ ਕੋਈ ਵੀ ਕੋਤਾਹੀ ਵਰਤਣਾ ਭਾਰੀ ਪੈ ਸਕਦਾ ਹੈ। ਸੈਮੀਫ਼ਾਈਨਲ ਵਿਚ ਰੋਹਿਤ ਬਨਾਮ ਲੋਕੀ ਫ਼ਰਗਯੁਸਨ, ਕੇ.ਐਲ. ਰਾਹੁਲ ਬਨਾਮ ਟਰੈਂਟ ਬੋਲਟ ਅਤੇ ਵਿਰਾਟ ਕੋਹਲੀ ਦਾ ਮੈਟ ਹੈਨਰੀ ਨਾਲ ਮੁਕਾਬਲਾ ਵੇਖਣਾ ਰੋਚਕ ਹੋਵੇਗਾ।

ਦੂਜੇ ਪਾਸੇ 'ਸੰਕਟਮੋਚਨ' ਕੇਨ ਵਿਲਿਅਮਸਨ ਦੀ ਸਪਿਨਰਾਂ ਵਿਰੁਧ ਤਕਨੀਕ ਜਾਂ ਰੋਸ ਟੇਲਰ ਦਾ ਜਸਪ੍ਰੀਤ ਬੁਮਰਾਹ ਨੂੰ ਖੇਡਣ ਦਾ ਤਰੀਕਾ ਵੀ ਦੇਖਣਾ ਦਿਲਚਸਪ ਹੋਵੇਗਾ। ਇਹ ਵੀ ਦੇਖਣਾ ਹੋਵੇਗਾ ਕਿ ਮਹਿੰਦਰ ਸਿੰਘ ਧੋਨੀ ਮੈਚ ਵਿਚ ਮਿਸ਼ਲ ਸੈਂਟਨੇਰ ਦੀ ਖੱਬੇ ਹੱਥ ਦੀ ਹੌਲੀ ਗੇਂਦਬਾਜ਼ੀ ਦਾ ਕਿਸ ਤਰ੍ਹਾਂ ਸਾਹਮਣਾ ਕਰਦੇ ਹਨ ਕਿਉਂਕਿ ਦੋਵਾਂ ਦਾ ਸਾਹਮਣਾ ਚੇਨਈ ਸੁਪਰਕਿੰਗ ਵਿਚ ਕਈ ਵਾਰ ਹੋ ਚੁਕਿਆ ਹੈ।

ਨਿਊਜ਼ੀਲੈਂਡ ਦੀ ਟੀਮ ਆਖ਼ਰੀ ਤਿੰਨ ਲੀਗ ਮੈਚ ਹਾਰ ਗਈ ਪਰ ਸ਼ੁਰੂਆਤੀ ਮੈਚਾਂ ਦੇ ਚੰਗੇ ਪ੍ਰਦਰਸ਼ਨ ਤੋਂ ਮਿਲੇ ਅੰਕਾਂ ਦੇ ਦਮ 'ਤੇ ਉਹ ਪਾਕਿਸਤਾਨ ਨੂੰ ਪਛਾੜ ਕੇ ਆਖ਼ਰੀ ਚਾਰ ਵਿਚ ਪਹੁੰਚ ਗਈ। ਭਾਰਤ ਲਈ ਰੋਹਿਤ 647, ਰਾਹੁਲ 360 ਅਤੇ ਕੋਹਲੀ  ਦੀਆਂ 442 ਦੌੜਾਂ ਮਿਲਾ ਕੇ 1347 ਦੌੜਾਂ ਬਣਾ ਚੁੱਕੇ ਹਨ। ਉਥੇ ਹੀ ਨਿਊਜ਼ੀਲੈਂਡ ਲਈ ਫ਼ਰਗਯੁਸਨ 17 ਵਿਕਟਾਂ, ਬੋਲਟ 15 ਅਤੇ ਮੈਟ ਹੈਨਰੀ 10 ਵਿਕਟਾਂ ਮਿਲਾ ਕੇ ਕੁੱਲ 42 ਵਿਕਟਾਂ ਲੈ ਚੁੱਕੇ ਹਨ। ਜਿੰਮੀ ਨੀਸ਼ਾਮ ਨੇ 11 ਅਤੇ ਕੋਲਿਨ ਡੇ ਗਰਾਂਡਹੋਮੇ ਨੇ ਪੰਜ ਵਿਕਟਾਂ ਲਈਆਂ ਹਨ। 

ਭਾਰਤ ਲਈ ਚਿੰਤਾ ਦੀ ਗੱਲ ਇਹ ਹੈ ਕਿ ਚੋਟੀ ਕ੍ਰਮ ਦੇ ਕਾਮਯਾਬ ਰਹਿਣ ਨਾਲ ਮੱਧ ਕ੍ਰਮ ਦਾ ਕੋਈ ਹੱਲ ਨਹੀਂ ਹੋ ਸਕਿਆ। ਅਜਿਹੇ ਵਿਚ ਬੱਦਲਾਂ 'ਚ ਘਿਰੇ ਮੈਨਚੇਸਟਰ ਦੇ ਮੈਦਾਨ 'ਤੇ ਬੋਲਟ ਦੀ ਗੇਂਦਬਾਜ਼ੀ ਘਾਤਕ ਸਿੱਧ ਹੋ ਸਕਦੀ ਹੈ। ਇਸ ਤੋਂ ਇਲਾਵਾ ਹਾਰਦਿਕ ਪੰਡਯਾ ਨੂੰ ਛੱਡ ਕੇ ਮੱਧ ਕ੍ਰਮ ਦਾ ਕੋਈ ਬੱਲੇਬਾਜ਼ ਚੰਗਾ ਨਹੀਂ ਕਰ ਸਕਿਆ। ਮਹਿੰਦਰ ਸਿੰਘ ਧੋਨੀ ਨੇ 90 ਦੇ ਸਟਰਾਈਕ ਨਾਲ 293 ਦੌੜਾਂ ਬਣਾਈਆਂ ਪਰ ਅਪਣੇ ਜਾਣੇ ਜਾਂਦੇ ਅੰਦਾਜ਼ ਵਿਚ ਨਹੀਂ ਦਿਖੇ। ਨਿਊਜ਼ੀਲੈਂਡ ਦੀ ਕਮਜ਼ੋਰ ਕੜੀ ਉਸ ਦਾ ਚੋਟੀ ਕ੍ਰਮ ਰਿਹਾ ਹੈ।

ਵਿਲਿਆਮਸਨ 481 ਦੌੜਾਂ ਨੂੰ ਛੱਡ ਕੇ ਕੋਈ ਬੱਲੇਬਾਜ਼ ਨਹੀਂ ਚੱਲ ਸਕਿਆ। ਬੁਮਰਾਹ ਨੇ ਨਿਊਜ਼ੀਲੈਂਡ ਵਿਰੁਧ ਪਿਛਲੀ ਦੁਵੱਲੀ ਲੜੀ ਨਹੀਂ ਖੇਡੀ ਸੀ ਲਿਹਾਜ਼ਾ ਗੁਪਟਿਲ 166 ਦੌੜਾਂ ਅਤੇ ਕੋਲਿਨ ਮੁਨਰੋ 125 ਦੌੜਾਂ ਲਈ ਬੁਮਰਾਹ ਨੂੰ ਖੇਡਣਾ ਆਸਾਨ ਨਹੀਂ ਹੋਵੇਗਾ। ਦੂਜੇ ਸੈਮੀਫ਼ਾਈਨਲ ਵਿਚ 11 ਜੁਲਾਈ ਨੂੰ ਇੰਗਲੈਂਡ ਦਾ ਮੁਕਾਬਲਾ ਬਰਮਿੰਘਮ ਵਿਚ ਆਸਟਰੇਲੀਆ ਨਾਲ ਹੋਵੇਗਾ। ਭਾਰਤ ਨੇ 1983 ਵਿਸ਼ਵ ਕੱਪ ਵਿਚ ਸੈਮੀਫ਼ਾਈਨਲ ਵਿਚ ਇੰਗਲੈਂਡ ਨੂੰ ਹਰਾਇਆ ਸੀ।