ਪਬਜੀ ਅਤੇ ਜ਼ੂਮ ਐਪ ’ਤੇ ਨਹੀਂ ਲੱਗੀ ਪਾਬੰਦੀ! ਜਾਣੋ ਕੀ ਹੈ ਇਸ ਦੀ ਵਜ੍ਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਚੀਨੀ ਐਪ ’ਤੇ ਪਾਬੰਦੀ ਲੱਗਣ ਤੋਂ ਬਾਅਦ ਟਵਿਟਰ ’ਤੇ ਪਬਜੀ ਅਤੇ ਜ਼ੂਮ ਐਪ ਵੀ ਟਰੈਂਡ ਹੋਣ ਲੱਗ ਪਏ।

PUBG , ZOOM

ਚੀਨੀ ਐਪ ’ਤੇ ਪਾਬੰਦੀ ਲੱਗਣ ਤੋਂ ਬਾਅਦ ਟਵਿਟਰ ’ਤੇ ਪਬਜੀ ਅਤੇ ਜ਼ੂਮ ਐਪ ਵੀ ਟਰੈਂਡ ਹੋਣ ਲੱਗ ਪਏ। ਟਵਿਟਰ ’ਤੇ ਲੋਕ ਸਵਾਲ ਪੁਛਣ ਲੱਗੇ ਹਨ ਕਿ ਆਖ਼ਰ ਇੰਨੇ ਸਾਰੇ ਚੀਨੀ ਐਪ ’ਤੇ ਪਾਬੰਦੀ ਲੱਗਣ ਤੋਂ ਬਾਅਦ ਪਬਜੀ ਤੇ ਜ਼ੂਮ ਐਪ ਕਿਉਂ ਨਹੀਂ ਬੰਦ ਕੀਤੇ ਗਏ?

ਅਜਿਹੇ ਵਿਚ ਅਸੀਂ ਦਸਦੇ ਹਾਂ ਕਿ ਆਖ਼ਰ ਕਿਉਂ ਇਨ੍ਹਾਂ ਐਪ ’ਤੇ ਪਾਬੰਦੀ ਨਹੀਂ ਲਗਾਈ ਗਈ ਜਿਸ ਨੂੰ ਖ਼ੁਦ ਭਾਰਤ ਸਰਕਾਰ ਨੇ ਨਾ ਇਸਤੇਮਾਲ ਕਰਨ ਦੀ ਸਲਾਹ ਦਿਤੀ ਸੀ। ਦਸਣਯੋਗ ਹੈ ਕਿ ਪਬਜੀ ਚੀਨੀ ਨਹੀਂ, ਅਸਲ ਵਿਚ ਸਾਊਥ ਕੋਰਿਆਈ ਆਨਲਾਈਨ ਗੇਮ ਹੈ।

ਇਸ ਨੂੰ ਬਲੂਵ੍ਹੇਲ ਦੀ ਸਹਾਇਕ ਕੰਪਨੀ ਬੈਟਲਗਰਾਊਂਡ ਨੇ ਬਣਾਇਆ ਹੈ। ਇਸ ਗੇਮ ਨੂੰ ਸ਼ੁਰੂਆਤ ਵਿਚ ਬਰੈਂਡਨ ਨੇ ਬਣਾਇਆ ਸੀ, ਜੋ 2000 ਦੀ ਜਾਪਾਨੀ ਫ਼ਿਲਮ ‘ਬੈਟਲ ਰਾਇਲ’ ਨਾਲ ਪ੍ਰਭਾਵਿਤ ਸੀ। ਚੀਨੀ ਕੁਨੈਕਸ਼ਨ ਦੀ ਗੱਲ ਕਰੀਏ ਤਾਂ ਚੀਨੀ ਸਰਕਾਰ ਨੇ ਸ਼ੁਰੂਆਤ ਵਿਚ ਪਬਜੀ ਗੇਮ ਨੂੰ ਚੀਨ ਵਿਚ ਇਜਾਜ਼ਤ ਦੇਣ ਤੋਂ ਨਾਂਹ ਕਰ ਦਿਤੀ ਸੀ।

ਬਾਅਦ ਵਿਚ ਚੀਨ ਦੇ ਸੱਭ ਤੋਂ ਵੱਡੇ ਵੀਡੀਓ ਗੇਮ ਪਬਲਿਸ਼ਰ ਟੈਨਸੈਂਟ ਦੀ ਮਦਦ ਨਾਲ ਇਸ ਨੂੰ ਚੀਨ ਵਿਚ ਪੇਸ਼ ਕੀਤਾ ਗਿਆ। ਜ਼ੂਮ ਕਮਿਊਨੀਕੇਸ਼ਨ ਅਮਰੀਕੀ ਕੰਪਨੀ ਹੈ। ਇਸ ਦਾ ਹੈੱਡ ਕੁਆਰਟਰ ਕੈਲੀਫ਼ੋਰਨੀਆ ਵਿਚ ਹੈ। ਲਾਕਡਾਊਨ ਦੌਰਾਨ ਇਹ ਵੀਡੀਉ ਕਾਨਫ਼ਰੰਸਿੰਗ ਐਪ ਕਾਫ਼ੀ ਪ੍ਰਸਿੱਧ ਹੋਈ। ਇਸ ਦੌਰਾਨ ਡੇਟਾ ਸਕਿਉਰਿਟੀ ਸਬੰਧੀ ਸਵਾਲ ਉੱਠੇ, ਹਾਲਾਂਕਿ ਹੁਣ ਕੰਪਨੀ ਇਸ ਵਿਚ ਸੁਧਾਰ ਦਾ ਦਾਅਵਾ ਕਰ ਰਹੀ ਹੈ।