Paris Olympics qualification: ਬਜਰੰਗ ਪੂਨੀਆ ਅਤੇ ਰਵੀ ਦਹੀਆ ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਦੌੜ ’ਚੋਂ ਬਾਹਰ

ਏਜੰਸੀ

ਖ਼ਬਰਾਂ, ਖੇਡਾਂ

ਬਜਰੰਗ ਪੂਨੀਆ ਨੂੰ ਰੋਹਿਤ ਕੁਮਾਰ ਅਤੇ ਰਵੀ ਦਹੀਆ ਨੂੰ ਉਦਿਤ ਨੇ ਹਰਾਇਆ

Bajrang Punia, Ravi Dahiya eliminated from Paris Olympics qualification race

Paris Olympics qualification : ਟੋਕੀਓ ਓਲੰਪਿਕ ਖੇਡਾਂ ਦੇ ਤਮਗ਼ਾ ਜੇਤੂ ਬਜਰੰਗ ਪੂਨੀਆ ਅਤੇ ਰਵੀ ਦਹੀਆ ਐਤਵਾਰ ਨੂੰ ਇਥੇ ਰਾਸ਼ਟਰੀ ਟੀਮ ਲਈ ਚੋਣ ਟਰਾਇਲਾਂ ਵਿਚ ਭਾਰ ਵਰਗ ਵਿਚ ਹਾਰ ਕੇ ਪੈਰਿਸ ਓਲੰਪਿਕ ਕੁਆਲੀਫਾਈ ਕਰਨ ਦੀ ਦੌੜ ਤੋਂ ਬਾਹਰ ਹੋ ਗਏ।

ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਪੂਨੀਆ ਪੁਰਸ਼ਾਂ ਦੇ ਫ੍ਰੀਸਟਾਈਲ 65 ਕਿਲੋਗ੍ਰਾਮ ਸੈਮੀਫਾਈਨਲ 'ਚ ਰੋਹਿਤ ਕੁਮਾਰ ਤੋਂ 1-9 ਨਾਲ ਹਾਰ ਗਏ। ਇਸ ਤੋਂ ਪਹਿਲਾਂ ਉਹ ਰਵਿੰਦਰ (3-3) ਵਿਰੁਧ ਮੁਸ਼ਕਿਲ ਨਾਲ ਜਿੱਤ ਦਰਜ ਕਰ ਸਕੇ ਸੀ।ਉਧਰ 2 ਦਿਨ ਚੱਲੇ ਟਰਾਇਲ 'ਚ ਉਦਿਤ ਨੇ ਫ੍ਰੀ ਸਟਾਈਲ ਦੇ 57 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ 'ਚ ਰਵੀ ਦਹੀਆ ਨੂੰ 10-8 ਨਾਲ ਹਰਾਇਆ।

ਸੈਮੀਫਾਈਨਲ 'ਚ ਹਾਰਨ ਤੋਂ ਬਾਅਦ ਪੂਨੀਆ ਤੁਰੰਤ ਗੁੱਸੇ 'ਚ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਸੈਂਟਰ ਤੋਂ ਚਲੇ ਗਏ। ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਦੇ ਅਧਿਕਾਰੀਆਂ ਨੇ ਪੂਨੀਆ ਤੋਂ ਡੋਪ ਦੇ ਨਮੂਨੇ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਤੀਜੇ-ਚੌਥੇ ਸਥਾਨ ਦੇ ਮੁਕਾਬਲੇ ਲਈ ਵੀ ਨਹੀਂ ਰੁਕੇ।

ਪੂਨੀਆ ਨੇ ਟਰਾਇਲ ਦੀ ਤਿਆਰੀ ਲਈ ਰੂਸ 'ਚ ਟ੍ਰੇਨਿੰਗ ਲਈ ਸੀ। ਇਹ ਟਰਾਇਲ ਭਾਰਤੀ ਓਲੰਪਿਕ ਸੰਘ (IOA) ਦੇ ਐਡ-ਹਾਕ ਪੈਨਲ ਦੁਆਰਾ ਕਰਵਾਏ ਜਾ ਰਹੇ ਹਨ। ਪੂਨੀਆ ਨੇ ਹਾਲਾਂਕਿ ਦਿੱਲੀ ਹਾਈ ਕੋਰਟ ਵਿਚ ਕੇਸ ਜਿੱਤਿਆ ਸੀ ਕਿ ਮੁਅੱਤਲ WFI ਕੋਲ ਟਰਾਇਲ ਕਰਵਾਉਣ ਦਾ ਕੋਈ ਅਧਿਕਾਰ ਨਹੀਂ ਹੈ।

ਸੁਜੀਤ ਕਾਲਕਲ ਨੇ ਫਾਈਨਲ ਵਿਚ ਰੋਹਿਤ ਨੂੰ ਤਕਨੀਕੀ ਉੱਤਮਤਾ ਨਾਲ ਹਰਾ ਕੇ ਭਾਰਤੀ ਟੀਮ ਵਿਚ ਥਾਂ ਬਣਾਈ ਅਤੇ ਹੁਣ ਉਹ ਪੈਰਿਸ ਓਲੰਪਿਕ ਲਈ 65 ਕਿਲੋ ਵਰਗ ਵਿਚ ਕੋਟਾ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ। ਸੁਜੀਤ ਨੇ ਪੂਨੀਆ ਨੂੰ ਹਾਂਗਜ਼ੂ ਏਸ਼ੀਅਨ ਖੇਡਾਂ ਲਈ ਸਿੱਧੀ ਐਂਟਰੀ ਦੇਣ ਵਿਰੁਧ ਚੁਣੌਤੀ ਦਿਤੀ ਸੀ ਪਰ ਉਹ ਕਾਨੂੰਨੀ ਕੇਸ ਹਾਰ ਗਿਆ। ਰੋਹਿਤ ਹੁਣ ਏਸ਼ਿਆਈ ਚੈਂਪੀਅਨਸ਼ਿਪ ਵਿਚ ਭਾਰਤ ਦੀ ਨੁਮਾਇੰਦਗੀ ਕਰੇਗਾ।

ਟਰਾਇਲ ਜੇਤੂਆਂ ਨੂੰ 19 ਤੋਂ 21 ਅਪ੍ਰੈਲ ਤਕ ਬਿਸ਼ਕੇਕ ਅਤੇ 9 ਤੋਂ 12 ਮਈ ਤਕ ਇਸਤਾਂਬੁਲ 'ਚ ਹੋਣ ਵਾਲੇ ਏਸ਼ੀਆਈ ਅਤੇ ਵਿਸ਼ਵ ਓਲੰਪਿਕ ਕੁਆਲੀਫਾਇਰ 'ਚ ਹਿੱਸਾ ਲੈਣ ਦਾ ਮੌਕਾ ਮਿਲੇਗਾ।

 (For more Punjabi news apart from Bajrang Punia, Ravi Dahiya eliminated from Paris Olympics qualification race, stay tuned to Rozana Spokesman)