ਵਿਸ਼ਵ ਕੱਪ 2019:  ਭਾਰਤ ਨੇ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਦਿੱਤੀ ਮਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕੇਟ ਟੀਮ ਨੇ ਕੇਂਨਿੰਗਟਨ ਓਵਲ ਮੈਦਾਨ ‘ਤੇ ਐਤਵਾਰ ਨੂੰ ਖੇਡੇ ਗਏ ਵਿਸ਼ਵ ਕੱਪ-2019 ਦੇ ਅਪਣੇ ਦੂਜੇ ਮੈਚ ਵਿਚ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਮਾਤ ਦਿੱਤੀ ਹੈ।

Virat Kohli and Aaron Finch

ਲੰਡਨ: ਭਾਰਤੀ ਕ੍ਰਿਕੇਟ ਟੀਮ ਨੇ ਕੇਂਨਿੰਗਟਨ ਓਵਲ ਮੈਦਾਨ ‘ਤੇ ਐਤਵਾਰ ਨੂੰ ਖੇਡੇ ਗਏ ਵਿਸ਼ਵ ਕੱਪ-2019 ਦੇ ਅਪਣੇ ਦੂਜੇ ਮੈਚ ਵਿਚ ਪੰਜ ਵਾਰ ਦੀ ਵਿਜੇਤਾ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਮਾਤ ਦਿੱਤੀ ਹੈ। ਭਾਰਤ ਵੱਲੋਂ ਦਿੱਤੇ ਗਏ 353 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਦੀ ਟੀਮ 50 ਓਵਰਾਂ ਵਿਚ 316 ਦੌੜਾਂ ‘ਤੇ ਹੀ ਆਲ ਆਉਟ ਹੋ ਗਈ।

ਵਿਸ਼ਵ ਕੱਪ 2019 ਵਿਚ ਇਹ ਭਾਰਤ ਦੀ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੇ ਮੁਕਾਬਲੇ ਵਿਚ ਦੱਖਣੀ ਅਫਰੀਕਾ ਨੂੰ ਮਾਤ ਦਿੱਤੀ ਸੀ। ਵਿਸ਼ਵ ਕੱਪ ਵਿਚ ਆਸਟ੍ਰੇਲੀਆ ਵਿਰੁੱਧ ਭਾਰਤ ਦੀ ਇਹ ਹੁਣ ਤੱਕ ਦੀ ਚੌਥੀ ਜਿੱਤ ਹੈ। ਭਾਰਤ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਉਹਨਾਂ ਦੀ ਪਾਰੀ ਲਈ ‘ਮੈਨ ਆਫ ਦ ਮੈਚ’ ਚੁਣਿਆ ਗਿਆ। ਧਵਨ ਨੇ 109 ਗੇਂਦਾਂ ਵਿਚ 7 ਚੋਕਿਆਂ ਦੀ ਮਦਦ ਨਾਲ 117 ਦੌੜਾਂ ਦੀ ਪਾਰੀ ਖੇਡੀ।

ਆਸਟ੍ਰੇਲੀਆ ਦੀ ਟੀਮ ਨੇ ਜਿੱਤ ਲਈ ਵਿਸ਼ਵ ਕੱਪ ਵਿਚ ਰਿਕਾਰਡ ਟੀਚੇ ਦਾ ਪਿੱਛਾ ਕਰਨਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਆਸਟ੍ਰੇਲੀਆ ਦੀ ਟੀਮ ਵਿਚੋਂ ਸਭ ਤੋਂ ਜ਼ਿਆਦਾ ਦੌੜਾਂ ਸਟੀਵ ਸਮਿੱਥ ਨੇ ਬਣਾਈਆਂ। ਸਟੀਵ ਨੇ 69 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਨੇ ਤਿੰਨ-ਤਿੰਨ ਵਿਕਟਾਂ ਲਈਆਂ ਜਦਕਿ ਯੁਜਵੇਂਦਰ ਚਹਲ ਨੇ ਦੋ ਵਿਕਟ ਲਏ।