ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵਿਸ਼ਵ ਕੱਪ ਜਿੱਤਣ ਦਾ ਟੁੱਟਿਆ ਸੁਪਨਾ

New Zealand beat India to reach World Cup final 2019

ਮੈਨਚੈਸਟਰ : ਨਿਊਜ਼ੀਲੈਂਡ ਨੇ ਭਾਰਤੀ ਟੀਮ ਨੂੰ ਆਈਸੀਸੀ ਵਿਸ਼ਵ ਕੱਪ ਦੇ ਸੈਮੀਫ਼ਾਈਨਲ ਮੈਚ 'ਚ 18 ਦੌੜਾਂ ਨਾਲ ਹਰਾ ਕੇ ਫ਼ਾਈਨਲ 'ਚ ਥਾਂ ਬਣਾ ਲਈ। ਨਿਊਜ਼ੀਲੈਂਡ ਟੀਮ ਨੇ ਦੋ ਦਿਨ ਤਕ ਚਲੇ ਇਸ ਮੁਕਾਬਲੇ ਨੂੰ 18 ਦੌੜਾਂ ਨਾਲ ਜਿੱਤ ਲਿਆ। ਇਸ ਹਾਰ ਨਾਲ ਭਾਰਤੀ ਟੀਮ ਦਾ ਵਿਸ਼ਵ ਕੱਪ 'ਚ ਸਫ਼ਰ ਖ਼ਤਮ ਹੋ ਗਿਆ। ਭਾਰਤ ਨੇ ਇਸ ਵਿਸ਼ਵ ਕੱਪ ਦੇ ਲੀਗ ਰਾਊਂਡ 'ਚ ਸੱਭ ਤੋਂ ਵੱਧ ਅੰਕਾਂ ਨਾਲ ਸੈਮੀਫ਼ਾਈਨਲ 'ਚ ਥਾਂ ਬਣਾਈ ਸੀ। ਭਾਰਤ ਲਗਾਤਾਰ ਦੂਜੇ ਵਿਸ਼ਵ ਕੱਪ 'ਚ ਸੈਮੀਫ਼ਾਈਨਲ 'ਚ ਹਾਰਿਆ ਹੈ। ਦੂਜੇ ਪਾਸੇ ਨਿਊਜ਼ੀਲੈਂਡ ਨੇ ਲਗਾਤਾਰ ਦੂਜੀ ਵਾਰ ਵਿਸ਼ਵ ਕੱਪ ਦੇ ਫ਼ਾਈਨਲ 'ਚ ਥਾਂ ਬਣਾਈ।

ਨਿਊਜ਼ੀਲੈਂਡ ਨੇ ਵਿਸ਼ਵ ਕੱਪ ਦੇ ਇਸ ਪਹਿਲੇ ਸੈਮੀਫ਼ਾਈਨਲ 'ਚ 8 ਵਿਕਟਾਂ 'ਤੇ 239 ਦੌੜਾਂ ਬਣਾਈਆਂ। ਭਾਰਤ ਦੇ ਸਲਾਮੀ ਬੱਲੇਬਾਜ਼ਾਂ ਨੇ ਬਹੁਤ ਬੁਰਾ ਪ੍ਰਦਰਸ਼ਨ ਕੀਤਾ। ਭਾਰਤ ਦੇ ਪਹਿਲੇ ਤਿੰਨ ਬੱਲੇਬਾਜ਼ ਰੋਹਿਤ ਸ਼ਰਮਾ, ਕੇ.ਐਲ. ਰਾਹੁਲ ਅਤੇ ਵਿਰਾਟ ਕੋਹਲੀ ਸਿਰਫ਼ 1-1 ਦੌੜ ਹੀ ਬਣਾ ਸਕੇ। ਦਿਨੇਸ਼ ਕਾਰਤਿਕ ਵੀ ਸਿਰਫ਼ 6 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਬਾਅਦ ਰਵਿੰਦਰ ਜਡੇਜਾ, ਐਮ.ਐਸ. ਧੋਨੀ, ਰਿਸ਼ਭ ਪੰਤ ਅਤੇ ਹਾਰਦਿਕ ਪੰਡਯਾ ਨੇ ਜ਼ਰੂਰ ਕੋਸ਼ਿਸ਼ ਕੀਤੀ ਪਰ ਉਹ ਟੀਮ ਨੂੰ ਜਿੱਤ ਨਾ ਦਿਵਾ ਸਕੇ। ਭਾਰਤੀ ਟੀਮ 49.3 ਓਵਰਾਂ 'ਚ 221 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਇਸ ਤੋਂ ਪਹਿਲਾਂ ਰਿਜ਼ਰਵ ਡੇ 'ਤੇ ਖਿੱਚੀ ਪਾਰੀ ਵਿਚ ਨਿਊਜ਼ੀਲੈਂਡ ਦਿਨ ਦੀ ਸ਼ੁਰੂਆਤ ਵਿਚ ਕੁਝ ਖ਼ਾਸ ਨਾ ਕਰ ਸਕਿਆ। ਰੌਸ ਟੇਰਲ ਆਪਣੀ ਪਾਰੀ ਵਿਚ 7 ਦੌਡ਼ਾਂ ਹੀ ਜੋਡ਼ ਸਕੇ ਅਤੇ 74 ਦੌਡ਼ਾਂ ਬਣਾ ਆਊਟ ਹੋ ਗਏ। ਇਸ ਤੋਂ ਬਾਅਦ ਸਾਥੀ ਬੱਲੇਬਾਜ਼ ਟਾਮ ਲੈਥਮ ਵੀ 10 ਦੌਡ਼ਾਂ ਦੇ ਨਿਜੀ ਸਕੋਰ 'ਤੇ ਆਪਣਾ ਵਿਕਟ ਗੁਆ ਬੈਠੇ। ਭਾਰਤ ਨੂੰ 8ਵੀਂ ਸਫ਼ਲਤਾ ਮੈਟ ਹੈਨਰੀ (1) ਦੇ ਰੂਪ ਵਿਚ ਭੁਵਨੇਸ਼ਵਰ ਕੁਮਾਰ ਨੇ ਦਿਵਾਈ।

ਮੀਂਹ ਆਉਣ ਤੋਂ ਪਹਿਲਾਂ ਹਾਲਾਂਕਿ ਕਲ ਭਾਰਤੀ ਗੇਂਦਬਾਜ਼ੀ ਨੇ ਕੱਸੀ ਹੋਈ ਗੇਂਦਬਾਜ਼ੀ ਕੀਤੀ। ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ (95 ਗੇਂਦਾਂ 'ਤੇ 67 ਦੌੜਾਂ) ਨੇ ਹੈਨਰੀ ਨਿਕੋਲਸ (51 ਗੇਂਦਾਂ 'ਤੇ 28 ਦੌੜਾਂ) ਨਾਲ ਦੂਜੀ ਵਿਕਟ ਲਈ 68 ਤੇ ਰੋਸ ਟੇਲਰ (ਅਜੇਤੂ 67) ਨਾਲ ਤੀਜੀ ਵਿਕਟ ਲਈ 65 ਦੌੜਾਂ ਜੋੜੀਆਂ ਪਰ ਭਾਰਤੀ ਗੇਂਦਬਾਜ਼ਾਂ ਨੇ ਸਹੀ ਸਮੇਂ 'ਤੇ ਵਿਕਟਾਂ ਕੱਢੀਆਂ। 

ਜਡੇਜਾ ਦਾ ਵਿਕਟ ਰਿਹਾ ਟਰਨਿੰਗ ਪੁਆਇੰਟ :
240 ਦੌੜਾਂ ਦਾ ਪਿੱਛਾ ਕਰਦਿਆਂ ਭਾਰਤ ਨੇ 92 ਦੌੜਾਂ 'ਤੇ 6 ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਰਵਿੰਦ ਜਡੇਜਾ ਨੇ 77 ਦੌੜਾਂ ਬਣਾਈਆਂ। ਮਹਿੰਦਰ ਸਿੰਘ ਧੋਨੀ ਨੇ ਵੀ 50 ਦੌੜਾਂ ਦੀ ਜੁਝਾਰੂ ਪਾਰੀ ਖੇਡੀ। 48ਵੇਂ ਓਵਰ 'ਚ ਰਵਿੰਦਰ ਜਡੇਜਾ ਨੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ 'ਚ ਆਪਣੀ ਵਿਕਟ ਗੁਆ ਦਿੱਤੀ। ਇਥੇ ਹੀ ਭਾਰਤੀ ਟੀਮ ਲੜਖੜਾ ਗਈ।