ਸਮਿਥ-ਵਾਰਨਰ 'ਤੇ ਦੋ ਸਾਲ ਦੀ ਪਾਬੰਦੀ ਲਗਣੀ ਚਾਹੀਦੀ ਸੀ : ਐਂਬ੍ਰੋਸ
ਦਖਣੀ ਅਫ਼ਰੀਕਾ ਦੇ ਖਿਲਾਫ਼ ਕੇਪਟਾਊਨ 'ਚ ਤੀਜੇ ਟੈਸਟ ਮੈਚ ਦੌਰਾਨ ਗੇਂਦ ਨਾਲ ਛੇੜਛਾੜ ਕੀਤੀ ਸੀ
ਮੈਲਬੋਰਨ : ਵੈਸਟਇੰਡੀਜ਼ ਦੇ ਅਪਣੇ ਜ਼ਮਾਨੇ ਦੇ ਦਿੱਗਜ ਤੇਜ਼ ਗੇਂਦਬਾਜ਼ ਕਰਟਲੀ ਐਂਬ੍ਰੋਸ ਦਾ ਮੰਨਣਾ ਹੈ ਕਿ ਆਸਟਰੇਲੀਆਈ ਕ੍ਰਿਕਟਰ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਘਿਨੌਣਾ ਜ਼ੁਰਮ ਕਰਕੇ ਵੀ ਬਚ ਗਏ ਅਤੇ ਉਨ੍ਹਾਂ 'ਤੇ ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਦੋ ਸਾਲ ਦੀ ਪਾਬੰਦੀ ਲਗਣੀ ਚਾਹੀਦੀ ਸੀ।
ਸਾਬਕਾ ਕਪਤਾਨ ਸਮਿਥ ਅਤੇ ਉਨ੍ਹਾਂ ਨਾਲ ਉਪ ਕਪਤਾਨ ਵਾਰਨਰ 'ਤੇ ਕ੍ਰਿਕਟ ਆਸਟਰੇਲੀਆ ਨੇ ਪਿਛਲੇ ਸਾਲ ਮਾਰਚ 'ਚ ਦਖਣੀ ਅਫ਼ਰੀਕਾ ਦੇ ਖਿਲਾਫ਼ ਕੇਪਟਾਊਨ 'ਚ ਤੀਜੇ ਟੈਸਟ ਮੈਚ ਦੇ ਦੌਰਾਨ ਗੇਂਦ ਨਾਲ ਛੇੜਛਾੜ 'ਚ ਸ਼ਮੂਲੀਅਤ ਹੋਣ 'ਤੇ ਇਕ ਸਾਲ ਦੀ ਪਾਬੰਦੀ ਲਗਾਈ ਸੀ। ਇਨ੍ਹਾਂ ਦੋਹਾਂ 'ਤੇ ਲੱਗੀ ਪਾਬੰਦੀ ਇਸ ਸਾਲ ਮਾਰਚ 'ਚ ਖ਼ਤਮ ਹੋ ਗਈ ਅਤੇ ਹੁਣ ਉਹ ਆਈ.ਪੀ.ਐੱਲ 'ਚ ਖੇਡ ਰਹੇ ਹਨ।
ਸਮਿਥ ਅਤੇ ਵਾਰਨਰ ਵਿਸ਼ਵ ਕੱਪ ਅਤੇ ਏਸ਼ੇਜ਼ ਦੌਰੇ ਲਈ ਆਸਟਰੇਲੀਆਈ ਟੀਮ 'ਚ ਵਾਪਸੀ ਕਰਨ ਦੀ ਕੋਸ਼ਿਸ 'ਚ ਲੱਗੇ ਹੋਏ ਹਨ ਪਰ ਐਂਬ੍ਰੋਸ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਇਕ ਹੋਰ ਸਾਲ ਲਈ ਬੈਨ ਕਰਨਾ ਚਾਹੀਦਾ ਸੀ। ਟੈਸਟ ਕ੍ਰਿਕਟ 'ਚ 400 ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ 15 ਗੇਂਦਬਾਜ਼ਾਂ 'ਚੋਂ ਇਕ ਐਂਬ੍ਰੋਸ ਨੇ ਪੱਤਰਕਾਰਾਂ ਨੂੰ ਕਿਹਾ, ਤੁਸੀਂ ਜਦੋਂ ਇਸ ਤਰ੍ਹਾਂ ਦੇ ਨਿਯਮ ਤੋੜਦੇ ਹੋ ਤਾਂ ਉਸ ਲਈ ਤੁਹਾਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। (ਪੀਟੀਆਈ)