Cricket World Cup 2023 : ਪਾਕਿਸਤਾਨ ਦਾ ਸੈਮੀਫ਼ਾਈਨਲ ਦਾ ਸੁਪਨਾ ਟੁੱਟਾ, ਇੰਗਲੈਂਡ ਨੇ ਚੈਂਪੀਅਨਜ਼ ਟਰਾਫ਼ੀ 2025 ਲਈ ਥਾਂ ਪੱਕੀ ਕੀਤੀ
ਇੰਗਲੈਂਡ ਵਲੋਂ ਸਭ ਤੋਂ ਵੱਧ 3 ਵਿਕਟਾਂ ਲੈਣ ਵਾਲੇ ਡੇਵਿਡ ਵਿਲੀ ਬਣੇ ‘ਪਲੇਅਰ ਆਫ਼ ਦ ਮੈਚ’
Cricket World Cup 2023 : ਇੰਗਲੈਂਡ ਨੇ ਵਿਸ਼ਵ ਕੱਪ ਦੇ ਅਪਣੇ ਆਖਰੀ ਮੈਚ ਵਿਚ ਪਾਕਿਸਤਾਨ ਨੂੰ 93 ਦੌੜਾਂ ਨਾਲ ਹਰਾ ਦਿਤਾ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੌਂ ਵਿਕਟਾਂ ’ਤੇ 337 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਜਵਾਬ ’ਚ ਪਾਕਿਸਤਾਨ ਦੀ ਟੀਮ 43.3 ਓਵਰਾਂ ’ਚ 244 ਦੌੜਾਂ ਬਣਾ ਕੇ ਆਊਟ ਹੋ ਗਈ। ਪਾਕਿਸਤਾਨ ਕੋਲ ਅੱਜ ਦੇ ਮੈਚ ’ਚ ਵਿਸ਼ਵ ਕੱਪ ਦੇ ਸੈਮੀਫ਼ਾਈਨਲ ’ਚ ਦਾਖ਼ਲ ਹੋਣ ਦਾ ਆਖ਼ਰੀ ਮੌਕਾ ਸੀ ਜੇਕਰ ਉਹ ਇੰਗਲੈਂਡ ਨੂੰ ਵੱਡੇ ਫ਼ਰਕ ਨਾਲ ਹਰਾ ਦਿੰਦਾ। ਪਰ ਅਜਿਹਾ ਕਰਨ ’ਚ ਨਾਕਾਮ ਰਹਿਣ ਕਾਰਨ ਉਹ ਲਗਾਤਾਰ ਤੀਜੀ ਵਾਰੀ ਵਿਸ਼ਵ ਕੱਪ ਦੇ ਸੈਮੀਫ਼ਾਈਨਲ ’ਚ ਪੁੱਜਣ ’ਚ ਨਾਕਾਮ ਰਿਹਾ ਹੈ। ਹਾਲਾਂਕਿ ਇਸ ਜਿੱਤ ਨਾਲ ਇੰਗਲੈਂਡ ਨੇ ਅੰਕ ਤਾਲਿਕਾ ’ਚ ਆਪਣੀ 7ਵੇਂ ਨੰਬਰ ਦੀ ਥਾਂ ਪੱਕੀ ਕਰ ਲਈ ਹੈ ਅਤੇ ਉਸ ਦਾ ਚੈਂਪੀਅਨਜ਼ ਟਰਾਫ਼ੀ 2025 ’ਚ ਖੇਡਣਾ ਪੱਕਾ ਹੋ ਗਿਆ ਹੈ।
ਪਾਕਿਸਤਾਨ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ ਉਸ ਦਾ ਪਹਿਲਾ ਵਿਕੇਟ ਸਿਫ਼ਰ ਦੇ ਸਕੋਰ ’ਤੇ ਹੀ ਅਬਦੁੱਲਾ ਸ਼ਫ਼ੀਕ ਦੇ ਰੂਪ ’ਚ ਡਿੱਗਾ। ਸਿਰਫ਼ ਛੇਵੇਂ ਨੰਬਰ ’ਤੇ ਆਉਣ ਵਾਲੇ ਆਗਾ ਸਲਮਾਨ ਹੀ ਅੱਧਾ ਸੈਂਕੜਾ ਲਗਾ ਸਕੇ ਜਿਨ੍ਹਾਂ ਨੇ 45 ਗੇਂਦਾਂ ’ਚ 51 ਦੌੜਾਂ ਬਣਾਈਆਂ। ਕਪਤਾਨ ਬਾਬਰ ਆਜ਼ਮ ਨੇ 38 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਪਿਛਲੇ ਮੈਚ ’ਚ ਸੈਂਕੜਾ ਲਗਾਉਣ ਵਾਲੇ ਬੇਨ ਸਟੋਕਸ ਸਮੇਤ ਤਿੰਨ ਖਿਡਾਰੀਆਂ ਦੀ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ ’ਤੇ ਇੰਗਲੈਂਡ ਨੇ ਨੌਂ ਵਿਕਟਾਂ ’ਤੇ 337 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਇੰਗਲੈਂਡ ਲਈ ਸਟੋਕਸ (76 ਗੇਂਦਾਂ ’ਚ 84 ਦੌੜਾਂ), ਜੌਨੀ ਬੇਅਰਸਟੋ (61 ਗੇਂਦਾਂ ’ਚ 59 ਦੌੜਾਂ) ਅਤੇ ਜੋ ਰੂਟ (72 ਗੇਂਦਾਂ ’ਚ 60 ਦੌੜਾਂ) ਨੇ ਅੱਧੇ ਸੈਂਕੜੇ ਲਗਾਏ। ਪਾਕਿਸਤਾਨ ਲਈ ਤੇਜ਼ ਗੇਂਦਬਾਜ਼ ਹੈਰਿਸ ਰੌਫ ਨੇ 64 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦਕਿ ਸ਼ਾਹੀਨ ਸ਼ਾਹ ਅਫਰੀਦੀ ਅਤੇ ਮੁਹੰਮਦ ਵਸੀਮ ਨੇ ਦੋ-ਦੋ ਵਿਕਟਾਂ ਲਈਆਂ।
ਪਾਕਿਸਤਾਨ ਨੂੰ ਸੈਮੀਫਾਈਨਲ ’ਚ ਪਹੁੰਚਣ ਲਈ 6.4 ਓਵਰਾਂ ’ਚ ਟੀਚਾ ਹਾਸਲ ਕਰਨਾ ਹੋਵੇਗਾ ਜੋ ਸੰਭਵ ਨਹੀਂ ਹੈ। ਹਾਲਾਂਕਿ ਉਹ ਘੱਟੋ-ਘੱਟ 188 ਦੌੜਾਂ ਬਣਾ ਕੇ ਅਤੇ ਚੋਟੀ ਦੀ ਪੰਜ ਟੀਮ ’ਚ ਸ਼ਾਮਲ ਹੋ ਕੇ ਅਪਣੀ ਮੁਹਿੰਮ ਦਾ ਅੰਤ ਕਰ ਸਕਦਾ ਹੈ। ਇੰਗਲੈਂਡ ਦਾ ਸਕੋਰ 40 ਓਵਰਾਂ ਤੋਂ ਬਾਅਦ ਦੋ ਵਿਕਟਾਂ ’ਤੇ 240 ਦੌੜਾਂ ਸੀ। ਉਸ ਨੇ ਆਖਰੀ 10 ਓਵਰਾਂ ’ਚ 97 ਦੌੜਾਂ ਬਣਾਈਆਂ ਪਰ ਇਸ ਦੌਰਾਨ ਸੱਤ ਵਿਕਟਾਂ ਵੀ ਗੁਆ ਦਿਤੀਆਂ।
ਰਾਊਫ ਨੇ ਸਟੋਕਸ ਨੂੰ ਰਿਵਰਸ ਸਵਿੰਗ ਲੈਂਦਿਆਂ ਗੇਂਦ 'ਤੇ ਬੋਲਡ ਕਰ ਕੇ ਸੈਂਕੜਾ ਨਹੀਂ ਲੱਗਣ ਦਿੱਤਾ। ਹਾਲਾਂਕਿ, ਰਾਊਫ ਇਕ ਹੀ ਟੂਰਨਾਮੈਂਟ ’ਚ 500 ਤੋਂ ਵੱਧ ਦੌੜਾਂ ਦੇਣ ਵਾਲੇ ਪਹਿਲੇ ਏਸ਼ਿਆਈ ਗੇਂਦਬਾਜ਼ ਵੀ ਬਣ ਗਏ ਹਨ। ਪਾਕਿਸਤਾਨ ਦੀ ਫੀਲਡਿੰਗ ਚੰਗੀ ਨਹੀਂ ਸੀ। ਉਸ ਨੇ ਸਟੋਕਸ ਦੇ ਕੈਚ ਸਮੇਤ ਕੁਝ ਕੈਚ ਛੱਡੇ। ਜਦੋਂ ਉਹ 10 ਦੌੜਾਂ ’ਤੇ ਖੇਡ ਰਿਹਾ ਸੀ ਤਾਂ ਅਫਰੀਦੀ ਨੇ ਅਪਣੀ ਹੀ ਗੇਂਦ ’ਤੇ ਉਸ ਦਾ ਕੈਚ ਛੱਡ ਦਿਤਾ। ਇਸ ਤੋਂ ਪਹਿਲਾਂ ਅਫਰੀਦੀ ਨੇ ਵੀ ਮਲਾਨ ਨੂੰ ਜੀਵਨਦਾਨ ਦਿਤਾ ਸੀ। ਉਸ ਸਮੇਂ ਇਸ ਬੱਲੇਬਾਜ਼ ਨੇ ਅਪਣਾ ਖਾਤਾ ਵੀ ਨਹੀਂ ਖੋਲ੍ਹਿਆ ਸੀ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਫਿਰ ਲੰਮੀ ਪਾਰੀ ਖੇਡਣ ’ਚ ਨਾਕਾਮ ਰਹੇ। ਉਨ੍ਹਾਂ ਨੇ 27 ਦੌੜਾਂ ਬਣਾਈਆਂ ਜਦਕਿ ਹੈਰੀ ਬਰੂਕ ਨੇ 30 ਦੌੜਾਂ ਦਾ ਯੋਗਦਾਨ ਪਾਇਆ।
(For more news apart from Cricket World Cup 2023, stay tuned to Rozana Spokesman)