ਮੁੱਕੇਬਾਜ਼ੀ : ਭਾਰਤ ਓਲੰਪਿਕ ਕੁਆਲੀਫਾਇਰ ਤੋਂ ਖਾਲੀ ਹੱਥ ਪਰਤਿਆ, ਨਿਸ਼ਾਂਤ ਦੇਵ ਵੀ ਕੁਆਰਟਰ ਫਾਈਨਲ ’ਚ ਹਾਰੇ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਵਲੋਂ ਮੁੱਕੇਬਾਜ਼ੀ ’ਚ ਅਜੇ ਤਕ ਸਿਰਫ਼ ਕੁੜੀਆਂ ਓਲੰਪਿਕ ਕੋਟਾ ਹਾਸਲ ਕਰਨ ’ਚ ਕਾਮਯਾਬ ਰਹੀਆਂ

Nishant Dev.

ਹੁਣ 23 ਮਈ ਤੋਂ 3 ਜੂਨ ਤਕ ਬੈਂਕਾਕ ’ਚ ਹੋਣ ਵਾਲੇ ਦੂਜੇ ਵਿਸ਼ਵ ਓਲੰਪਿਕ ਮੁੱਕੇਬਾਜ਼ੀ ਕੁਆਲੀਫਾਇਰ ਤੋਂ ਆਖ਼ਰੀ ਉਮੀਦ

ਬੁਸਟੋ ਅਰਸੀਜ਼ੀਓ (ਇਟਲੀ): ਭਾਰਤੀ ਮੁੱਕੇਬਾਜ਼ ਨਿਸ਼ਾਂਤ ਦੇਵ 71 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ’ਚ ਹਾਰ ਕੇ ਪੈਰਿਸ ਓਲੰਪਿਕ ਲਈ ਕੋਟਾ ਹਾਸਲ ਕਰਨ ਤੋਂ ਖੁੰਝ ਗਏ ਜਦਕਿ ਸਾਰੇ ਭਾਰਤੀ ਮੁੱਕੇਬਾਜ਼ ਇੱਥੇ ਪਹਿਲੇ ਵਿਸ਼ਵ ਓਲੰਪਿਕ ਮੁੱਕੇਬਾਜ਼ੀ ਕੁਆਲੀਫਾਇਰ ਤੋਂ ਖਾਲੀ ਹੱਥ ਪਰਤੇ। ਨਿਸ਼ਾਂਤ ਨੂੰ ਸੋਮਵਾਰ ਦੇਰ ਰਾਤ ਹੋਏ ਲਾਈਟ ਮਿਡਲਵੇਟ ਵਰਗ ਦੇ ਕੁਆਰਟਰ ਫਾਈਨਲ ’ਚ ਵਿਸ਼ਵ ਚੈਂਪੀਅਨਸ਼ਿਪ 2021 ਦੇ ਚਾਂਦੀ ਤਮਗਾ ਜੇਤੂ ਅਮਰੀਕਾ ਦੇ ਓਮਾਰੀ ਜੋਨਸ ਤੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

ਵਿਸ਼ਵ ਚੈਂਪੀਅਨਸ਼ਿਪ 2023 ਦੇ ਕਾਂਸੀ ਤਮਗਾ ਜੇਤੂ ਨਿਸ਼ਾਂਤ ਜੇਕਰ ਅੱਠ ਪੜਾਅ ਦਾ ਆਖਰੀ ਮੁਕਾਬਲਾ ਜਿੱਤ ਲੈਂਦੇ ਤਾਂ ਉਹ ਪੈਰਿਸ ਓਲੰਪਿਕ ਲਈ ਕੋਟਾ ਹਾਸਲ ਕਰ ਲੈਂਦੇ। ਇੱਥੇ ਹਿੱਸਾ ਲੈਣ ਵਾਲੇ ਨੌਂ ਭਾਰਤੀ ਮੁੱਕੇਬਾਜ਼ਾਂ ’ਚੋਂ ਕੋਈ ਵੀ ਮੁੱਕੇਬਾਜ਼ੀ ’ਚ ਦੇਸ਼ ਦੇ ਚਾਰ ਓਲੰਪਿਕ ਕੋਟੇ ’ਚ ਵਾਧਾ ਨਹੀਂ ਕਰ ਸਕਿਆ। ਏਸ਼ੀਆਈ ਖੇਡਾਂ ਅਤੇ ਪਹਿਲੇ ਵਿਸ਼ਵ ਓਲੰਪਿਕ ਮੁੱਕੇਬਾਜ਼ੀ ਕੁਆਲੀਫਾਇਰ ਦੇ ਖਤਮ ਹੋਣ ਤੋਂ ਬਾਅਦ ਵੀ ਕੋਈ ਵੀ ਭਾਰਤੀ ਮਰਦ ਮੁੱਕੇਬਾਜ਼ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕਿਆ ਹੈ। 

ਭਾਰਤ ਨੇ ਅਪਣੇ ਸਾਰੇ ਚਾਰ ਓਲੰਪਿਕ ਕੋਟੇ ਮਹਿਲਾ ਵਰਗ ’ਚ ਜਿੱਤੇ ਹਨ। ਦੋ ਵਾਰ ਦੀ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ (50 ਕਿਲੋਗ੍ਰਾਮ), ਪ੍ਰੀਤੀ ਪਵਾਰ (54 ਕਿਲੋਗ੍ਰਾਮ), ਪ੍ਰਵੀਨ ਹੁੱਡਾ (57 ਕਿਲੋਗ੍ਰਾਮ) ਅਤੇ ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ (75 ਕਿਲੋਗ੍ਰਾਮ) ਨੇ ਓਲੰਪਿਕ ਕੋਟਾ ਹਾਸਲ ਕੀਤਾ ਹੈ। ਭਾਰਤੀ ਮੁੱਕੇਬਾਜ਼ਾਂ ਨੂੰ 23 ਮਈ ਤੋਂ 3 ਜੂਨ ਤਕ ਬੈਂਕਾਕ ’ਚ ਹੋਣ ਵਾਲੇ ਪੈਰਿਸ ’ਚ ਹੋਣ ਵਾਲੇ ਦੂਜੇ ਵਿਸ਼ਵ ਓਲੰਪਿਕ ਮੁੱਕੇਬਾਜ਼ੀ ਕੁਆਲੀਫਾਇਰ ਲਈ ਕੁਆਲੀਫਾਈ ਕਰਨ ਦਾ ਆਖਰੀ ਮੌਕਾ ਮਿਲੇਗਾ। ਇਸ ਮੁਕਾਬਲੇ ਤੋਂ 45 ਤੋਂ 51 ਮੁੱਕੇਬਾਜ਼ਾਂ ਕੋਲ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਮੌਕਾ ਹੋਵੇਗਾ। 

ਟੋਕੀਓ ਓਲੰਪਿਕ ’ਚ ਨੌਂ ਭਾਰਤੀ ਮੁੱਕੇਬਾਜ਼ਾਂ ਨੇ ਹਿੱਸਾ ਲਿਆ ਸੀ ਜਿਸ ’ਚ ਸਿਰਫ ਲਵਲੀਨਾ (ਕਾਂਸੀ) ਹੀ ਤਮਗਾ ਜਿੱਤ ਸਕੀ ਸੀ। ਸੋਮਵਾਰ ਰਾਤ ਨੂੰ ਹੋਏ ਮੈਚ ’ਚ ਨਿਸ਼ਾਂਤ ਨੇ ਹੌਲੀ ਸ਼ੁਰੂਆਤ ਕੀਤੀ। ਜੋਨਸ ਨੇ ਸ਼ੁਰੂਆਤੀ ਮਿੰਟਾਂ ’ਚ ਅਪਣੀ ਗਤੀ ਦੀ ਵਰਤੋਂ ਕਰਦਿਆਂ ਭਾਰਤੀ ਮੁੱਕੇਬਾਜ਼ ਨੂੰ ਕੁੱਝ ਤਾਕਤਵਰ ਮੁੱਕੇ ਮਾਰੇ। ਨਿਸ਼ਾਂਤ ਨੇ ਪਹਿਲੇ ਗੇੜ ਦੇ ਆਖਰੀ ਪਲਾਂ ’ਚ ਵਾਪਸੀ ਕੀਤੀ ਪਰ ਸ਼ੁਰੂਆਤੀ ਤਿੰਨ ਮਿੰਟਾਂ ਤੋਂ ਬਾਅਦ ਸਾਰੇ ਪੰਜ ਜੱਜਾਂ ਨੇ ਵਿਰੋਧੀ ਟੀਮ ਨੂੰ ਅੰਕ ਦਿਤੇ। 

ਇਸ 23 ਸਾਲ ਦੇ ਖਿਡਾਰੀ ਨੇ ਦੂਜੇ ਗੇੜ ’ਚ ਹਮਲਾਵਰ ਸ਼ੁਰੂਆਤ ਕੀਤੀ। ਦੋਹਾਂ ਮੁੱਕੇਬਾਜ਼ਾਂ ਨੇ ਇਕ-ਦੂਜੇ ਨੂੰ ਮੁੱਕਾ ਮਾਰਿਆ ਪਰ ਜੋਨਸ ਨੇ ਅਪਣੀ ਰਫਤਾਰ ਨਾਲ ਪਲੜਾ ਭਾਰੀ ਰੱਖਿਆ। ਦੋਹਾਂ ਮੁੱਕੇਬਾਜ਼ਾਂ ਨੂੰ ਦੂਜੇ ਗੇੜ ’ਚ ਚੇਤਾਵਨੀ ਮਿਲੀ। ਜਿਵੇਂ-ਜਿਵੇਂ ਮੈਚ ਅੱਗੇ ਵਧਦਾ ਗਿਆ, ਨਿਸ਼ਾਂਤ ਦਾ ਆਤਮਵਿਸ਼ਵਾਸ ਵਧਦਾ ਗਿਆ ਅਤੇ ਉਸ ਨੇ ਦੂਜਾ ਰਾਊਂਡ 4-1 ਨਾਲ ਜਿੱਤ ਲਿਆ। 

ਹਰਿਆਣਾ ਦੇ ਮੁੱਕੇਬਾਜ਼ ਨੇ ਤੀਜੇ ਗੇੜ ’ਚ ਸਕਾਰਾਤਮਕ ਸ਼ੁਰੂਆਤ ਕੀਤੀ। ਉਸ ਨੇ ਅਪਣੇ ਸੱਜੇ ਹੱਥ ਨਾਲ ਕੁੱਝ ਤਾਕਤਵਰ ਮੁੱਕੇ ਲਗਾਏ। ਇਸ ਦੌਰਾਨ ਜੋਨਸ ਦੀ ਖੱਬੀ ਅੱਖ ਦੇ ਹੇਠਾਂ ਕੱਟ ਲੱਗ ਗਿਆ ਜਿਸ ਨਾਲ ਉਹ ਬੇਚੈਨ ਵਿਖਾਈ ਦਿਤਾ। ਹਾਲਾਂਕਿ ਜੋਨਸ ਨੇ ਰਫਤਾਰ ਵਿਖਾਈ ਪਰ ਦੋਵੇਂ ਮੁੱਕੇਬਾਜ਼ ਥੱਕੇ ਹੋਏ ਨਜ਼ਰ ਆਏ। ਆਖ਼ਰੀ ਮਿੰਟ ’ਚ ਅਮਰੀਕੀ ਮੁੱਕੇਬਾਜ਼ ਨੇ ਨਿਸ਼ਾਂਤ ’ਤੇ ਕਈ ਮੁੱਕੇ ਮਾਰੇ ਅਤੇ ਪੰਜ ’ਚੋਂ ਤਿੰਨ ਜੱਜਾਂ ਨੇ ਉਸ ਦੇ ਹੱਕ ’ਚ ਫੈਸਲਾ ਸੁਣਾਇਆ। ਨਿਸ਼ਾਂਤ ਇਸ ਫੈਸਲੇ ਤੋਂ ਹੈਰਾਨ ਰਹਿ ਗਿਆ।