ਸਾਗਰ ਧਨਖੜ ਕਤਲ ਮਾਮਲਾ: ਪਹਿਲਵਾਨ ਸੁਸ਼ੀਲ ਕੁਮਾਰ ਅਤੇ 17 ਹੋਰਾਂ ਖ਼ਿਲਾਫ਼ ਦੋਸ਼ ਤੈਅ

ਏਜੰਸੀ

ਖ਼ਬਰਾਂ, ਖੇਡਾਂ

ਵਧੀਕ ਸੈਸ਼ਨ ਜੱਜ ਸ਼ਿਵਾਜੀ ਆਨੰਦ ਨੇ ਕੁਮਾਰ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ

Olympian Sushil Kumar To Face Murder Trial For Junior Wrestler's Death

 

ਨਵੀਂ ਦਿੱਲੀ: ਛਤਰਸਾਲ ਸਟੇਡੀਅਮ ਕਤਲ ਕੇਸ ਵਿਚ ਦਿੱਲੀ ਦੀ ਇਕ ਅਦਾਲਤ ਨੇ ਓਲੰਪਿਕ ਤਮਗ਼ਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਅਤੇ 17 ਹੋਰਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ, ਜਿਸ ਨਾਲ ਹੁਣ ਉਹਨਾਂ ਖ਼ਿਲਾਫ਼ ਮਾਮਲੇ ਦੀ ਸੁਣਵਾਈ ਸ਼ੁਰੂ ਹੋ ਜਾਵੇਗੀ। ਵਧੀਕ ਸੈਸ਼ਨ ਜੱਜ ਸ਼ਿਵਾਜੀ ਆਨੰਦ ਨੇ ਕੁਮਾਰ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ, ਜਿਨ੍ਹਾਂ ਵਿਚ ਕਤਲ, ਦੰਗਾ ਕਰਨ ਅਤੇ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਦੋਸ਼ ਸ਼ਾਮਲ ਹਨ।

ਪਿਛਲੇ ਸਾਲ ਮਈ ਵਿਚ ਜੂਨੀਅਰ ਰਾਸ਼ਟਰੀ ਚੈਂਪੀਅਨ ਪਹਿਲਵਾਨ ਸਾਗਰ ਧਨਖੜ ਦੀ ਹੱਤਿਆ ਨੇ ਖੇਡ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਸੀ। 4 ਮਈ 2021 ਨੂੰ ਦਿੱਲੀ ਦੇ ਛਤਰਸਾਲ ਸਟੇਡੀਅਮ 'ਚ ਸੋਨੀਪਤ ਦੇ ਰਹਿਣ ਵਾਲੇ ਸਾਗਰ ਧਨਖੜ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਇਕ ਵੀਡੀਓ ਵੀ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਓਲੰਪੀਅਨ ਸੁਸ਼ੀਲ ਕੁਮਾਰ ਅਤੇ ਉਸ ਦੇ ਕੁਝ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ।

ਦਿੱਲੀ ਦੀ ਰੋਹਿਣੀ ਅਦਾਲਤ ਨੇ ਜੂਨੀਅਰ ਪਹਿਲਵਾਨ ਸਾਗਰ ਧਨਖੜ ਕਤਲ ਕੇਸ ਵਿਚ ਇਸਤਗਾਸਾ ਪੱਖ ਅਤੇ ਮੁਲਜ਼ਮਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ ਤੈਅ ਕਰਨ ਬਾਰੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਤੋਂ ਪਹਿਲਾਂ ਜਨਵਰੀ 'ਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸੁਸ਼ੀਲ ਕੁਮਾਰ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕੀਤੀ ਸੀ। ਇਹ ਚਾਰਜਸ਼ੀਟ ਸੁਸ਼ੀਲ ਕੁਮਾਰ ਦੇ ਬਾਡੀਗਾਰਡ ਅਨਿਲ ਧੀਮਾਨ ਅਤੇ ਹੋਰ ਦੋਸ਼ੀਆਂ ਦੇ ਬਿਆਨਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਸੀ।