ਮਹਿਲਾ ਟੀ-20 ਵਿਸ਼ਵ ਕੱਪ: ਭਾਰਤ ਨੇ ਪਾਕਿ ਨੂੰ 7 ਵਿਕੇਟ ਨਾਲ ਹਰਾਇਆ, ਮਿਤਾਲੀ ਨੇ ਜੜੀਆਂ 56 ਦੌੜਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮਹਿਲਾ ਟੀ-20 ਵਿਸ਼ਵ ਕੱਪ ਦੇ ਅਪਣੇ ਦੂਜੇ ਮੁਕਾਬਲੇ ਵਿਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕੇਟ.....

Women Team India

ਗਯਨਾ (ਪੀ.ਟੀ.ਆਈ): ਮਹਿਲਾ ਟੀ-20 ਵਿਸ਼ਵ ਕੱਪ ਦੇ ਅਪਣੇ ਦੂਜੇ ਮੁਕਾਬਲੇ ਵਿਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕੇਟ ਨਾਲ ਹਰਾ ਦਿਤਾ ਹੈ। ਐਤਵਾਰ ਨੂੰ ਵੇਸਟ ਇੰਡੀਜ਼ ਦੇ ਸ਼ਹਿਰ (ਗਯਾਨਾ) ਵਿਚ ਖੇਡੇ ਗਏ ਮੁਕਾਬਲੇ ਵਿਚ ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜੀ ਦਾ ਨਿਔਤਾ ਮਿਲਣ ਉਤੇ ਸੱਤ ਵਿਕੇਟ ਉਤੇ 133 ਦੌੜਾਂ ਬਣਾਈਆਂ। ਜੋ ਉਸ ਦਾ ਭਾਰਤ ਦੇ ਖਿਲਾਫ਼ ਟੀ-20 ਵਿਚ ਸਭ ਤੋਂ ਵੱਡਾ ਸਕੋਰ ਵੀ ਹੈ। ਭਾਰਤ ਨੇ ਅਪਣੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਪਾਕਿਸਤਾਨ ਨੂੰ 7 ਵਿਕਟਾਂ 'ਤੇ 133 ਦੌੜਾਂ ਹੀ ਬਣਾਉਣ ਦਿਤੀਆਂ ।

ਉਸ ਤੋਂ ਬਾਅਦ ਭਾਰਤ ਨੇ 19 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 137 ਦੌੜਾਂ ਬਣਾ ਕੇ ਆਸਾਨ ਜਿੱਤ ਹਾਸਲ ਕੀਤੀ । ਨਿਊਜ਼ੀਲੈਂਡ ਖਿਲਾਫ਼ ਮਿਤਾਲੀ ਰਾਜ ਨੂੰ ਉਸ ਦੇ ਪੱਕੇ ਸਥਾਨ ਓਪਨਿੰਗ ਵਿਚ ਨਹੀਂ ਉਤਾਰਿਆ ਗਿਆ ਸੀ ਪਰ ਇਸ ਮੁਕਾਬਲੇ ਵਿਚ ਉਹ ਓਪਨਿੰਗ ਵਿਚ ਉਤਰੀ ਅਤੇ ਉਸ ਨੇ 47 ਗੇਂਦਾਂ ਵਿਚ 7 ਚੌਕਿਆਂ ਦੀ ਮਦਦ ਨਾਲ 57 ਦੌੜਾਂ ਬਣਾ ਕੇ ਭਾਰਤੀ ਜਿੱਤ ਵਿਚ ਅਹਿਮ ਯੋਗਦਾਨ ਦਿਤਾ। ਮਿਤਾਲੀ ਜਦੋਂ ਆਊਟ ਹੋਈ ਤਾਂ ਭਾਰਤ ਦਾ ਸਕੋਰ 126 ਦੌੜਾਂ ਤਕ ਪਹੁੰਚ ਚੁੱਕਾ ਸੀ ਅਤੇ ਜਿੱਤ ਜ਼ਿਆਦਾ ਦੂਰ ਨਹੀਂ ਸੀ ।

ਕਪਤਾਨ ਹਰਮਨਪ੍ਰੀਤ ਕੌਰ ਨੇ 13 ਗੇਂਦਾਂ ਵਿਚ 2 ਚੌਕਿਆਂ ਦੀ ਮਦਦ ਨਾਲ ਅਜੇਤੂ 14 ਅਤੇ ਵੇਦਾਕ੍ਰਿਸ਼ਨਾ ਮੂਰਤੀ ਨੇ 5 ਗੇਂਦਾਂ ਵਿਚ 1 ਚੌਕੇ ਦੀ ਮਦਦ ਨਾਲ ਅਜੇਤੂ 8 ਦੌੜਾਂ ਬਣਾ ਕੇ ਭਾਰਤ ਨੂੰ 6 ਗੇਂਦਾਂ ਬਾਕੀ ਰਹਿੰਦੇ ਹੀ ਜਿੱਤ ਦਿਵਾ ਦਿਤੀ । ਟੀਚੇ ਦਾ ਪਿੱਛਾ ਕਰਦੇ ਹੋਏ ਬੱਲੇਬਾਜ਼ ਮਿਤਾਲੀ ਰਾਜ ਅਤੇ ਸਮ੍ਰਿਤੀ ਮੰਧਾਨਾ ਨੇ ਭਾਰਤ ਨੂੰ 9.3 ਓਵਰਾਂ ਵਿਚ 73 ਦੌੜਾਂ ਦੀ ਸ਼ਾਨਦਾਰ ਸ਼ੁਰੂਆਤ ਦਿਤੀ । ਮੰਧਾਨਾ 28 ਗੇਂਦਾਂ ਵਿਚ 4 ਚੌਕਿਆਂ ਦੀ ਮਦਦ ਨਾਲ 26 ਦੌੜਾਂ ਬਣਾ ਕੇ ਬਿਸਮਾਹ ਮਾਰੂਫ ਦਾ ਸ਼ਿਕਾਰ ਬਣੀ । ਜੇਮੀਮਾ ਰੋਡਰਿੰਗਸ ਨੇ 21 ਗੇਂਦਾਂ ਵਿਚ ਇਕ ਚੌਕੇ ਦੀ ਮਦਦ ਨਾਲ 16 ਦੌੜਾਂ ਬਣਾਈਆਂ।

ਉਸ ਦੀ ਵਿਕਟ 101 ਦੇ ਸਕੋਰ 'ਤੇ ਡਿੱਗੀ। ਮਿਤਾਲੀ ਨੇ ਭਾਰਤ ਨੂੰ ਜਿੱਤ ਦੇ ਨੇੜੇ ਪਹੁੰਚਾਇਆ ਅਤੇ ਬਾਕੀ ਕੰਮ ਹਰਮਨਪ੍ਰੀਤ ਕੌਰ ਅਤੇ ਵੇਦਾ ਨੇ ਪੂਰਾ ਕੀਤਾ । ਪਾਕਿਸਤਾਨ ਨੇ ਆਪਣੀਆਂ 3 ਵਿਕਟਾਂ 7ਵੇਂ ਓਵਰ ਤਕ ਸਿਰਫ 30 ਦੌੜਾਂ ਤਕ ਗੁਆ ਦਿਤੀਆਂ ਸਨ ਪਰ ਬਿਸਮਾਹ ਮਾਰੂਫ ਨੇ 53 ਅਤੇ ਨਿਦਾ ਡਾਰ ਨੇ 52 ਦੌੜਾਂ ਬਣਾਈਆਂ ਅਤੇ ਚੌਥੇ ਵਿਕਟ ਲਈ 94 ਦੌੜਾਂ ਦੀ ਸਾਂਝੇਦਾਰੀ ਕਰ ਕੇ ਪਾਕਿਸਤਾਨ ਨੂੰ ਸੰਭਾਲ ਲਿਆ।

ਭਾਰਤ ਹੁਣ ਗਰੁਪ ਬੀ ਵਿਚ ਚਾਰ ਅੰਕ  ਦੇ ਨਾਲ ਸਿਖਰ ਉਤੇ ਪਹੁੰਚ ਗਿਆ ਹੈ। ਪਾਕਿਸਤਾਨ ਦੀ ਇਹ ਲਗਾਤਾਰ ਦੂਜੀ ਹਾਰ ਹੈ ਅਤੇ ਉਸ ਦੇ ਅੱਗੇ ਵਧਣ ਦਾ ਰਸਤਾ ਮੁਸ਼ਕਲ ਹੋ ਗਿਆ ਹੈ।  ਭਾਰਤ ਅਪਣਾ ਅਗਲਾ ਮੈਚ 15 ਨਵੰਬਰ ਨੂੰ ਆਇਰਲੈਂਡ ਨਾਲ ਖੇਡੇਗਾ।