ਭਾਰਤ ਨੂੰ ਵਿਸ਼ਵ ਚੈਂਪੀਅਨ ਨਹੀਂ ਮੰਨਦੇ ਗੌਤਮ ਗੰਭੀਰ

ਏਜੰਸੀ

ਖ਼ਬਰਾਂ, ਖੇਡਾਂ

ਪਿਛਲੇ ਸਾਲ ਹੋਏ ਵਿਸ਼ਵ ਕੱਪ ਵਿਚ ਭਾਰਤ ਵਿਰਾਟ ਕੌਹਲੀ ਦੀ ਕਪਤਾਨੀ ਵਿਚ ਸੈਮੀਫਾਈਨਲ ਵਿਚ ਹਾਰ ਗਿਆ ਸੀ।

Gautam Gambhir

ਨਵੀਂ ਦਿੱਲੀ: ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੂੰ ਲੱਗਦਾ ਹੈ ਕਿ ਭਾਰਤੀ ਖਿਡਾਰੀਆਂ ਵਿਚ ਮੁਸ਼ਕਿਲ ਹਲਾਤਾਂ ਵਿਚ ਦਬਾਅ ਨਾਲ ਨਜਿੱਠਣ ਲਈ ‘ਮਾਨਸਿਕ ਮਜ਼ਬੂਤੀ’ ਦੀ ਕਮੀ ਹੈ ਅਤੇ ਉਹ ਉਦੋਂ ਤੱਕ ਖੁਦ ਨੂੰ ਵਿਸ਼ਵ ਚੈਂਪੀਅਨ ਨਹੀਂ ਕਹਿ ਸਕਦੇ ਜਦੋਂ ਤੱਕ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ ਵਿਚ ਖੁਦ ਨੂੰ ਸਾਬਿਤ ਨਹੀਂ ਕਰਦੇ।

ਪਿਛਲੇ ਸਾਲ ਹੋਏ ਵਿਸ਼ਵ ਕੱਪ ਵਿਚ ਭਾਰਤ ਵਿਰਾਟ ਕੌਹਲੀ ਦੀ ਕਪਤਾਨੀ ਵਿਚ ਸੈਮੀਫਾਈਨਲ ਵਿਚ ਹਾਰ ਗਿਆ ਸੀ। ਭਾਰਤ ਨੇ 1983 ਅਤੇ 2011 ਵਿਚ ਦੋ ਵਾਰ ਵਨ ਡੇਅ ਵਿਸ਼ਵ ਕੱਪ ਖਿਤਾਬ ਅਪਣੇ ਨਾਮ ਕੀਤਾ ਹੈ ਪਰ ਚਾਰ ਵਾਰ ਉਹ ਟੂਰਨਾਮੈਂਟ ਦੇ ਸੈਮੀਫਾਈਨਲ ਪੜਾਅ ਵਿਚੋਂ ਬਾਹਰ ਹੋ ਚੁੱਕਾ ਹੈ, ਜਿਸ ਵਿਚ ਪਿਛਲੇ ਦੋ ਪੜਾਅ 2015 ਅਤੇ 2019 ਸ਼ਾਮਲ ਹਨ।

ਟੀ-20 ਵਿਸ਼ਵ ਕੱਪ ਵਿਚ ਭਾਰਤ ਨੇ 2007 ਵਿਚ ਸ਼ੁਰੂਆਤੀ ਪੜਾਅ ਵਿਚ ਖਿਤਾਬ ਜਿੱਤਿਆ ਸੀ ਅਤੇ ਟੀਮ 2014 ਵਿਚ ਫਾਈਨਲ ਵਿਚ ਪਹੁੰਚੀ ਸੀ। ਗੰਭੀਰ ਨੇ ਇਕ ਸ਼ੋਅ ਦੌਰਾਨ ਕਿਹਾ ਕਿ, ਟੀਮ ਵਿਚ ਇਕ ਚੰਗੇ ਖਿਡਾਰੀ ਅਤੇ ਇਕ ਬਹੁਤ ਚੰਗੇ ਖਿਡਾਰੀ ਵਿਚਕਾਰ ਇਕ ਚੀਜ਼ ਤੁਹਾਨੂੰ ਵੱਖ ਕਰਦੀ ਹੈ, ਉਹ ਹੈ ਕਿ ਤੁਸੀਂ ਖ਼ਾਸ ਮੈਚਾਂ ਵਿਚ ਕਿਹੋ ਜਿਹਾ ਪ੍ਰਦਰਸ਼ਨ ਕਰਦੇ ਹੋ। ਮੈਨੂੰ ਲਗਦਾ ਹੈ ਕਿ ਸ਼ਾਇਦ ਅਸੀਂ ਦਬਾਅ ਦੇ ਨਾਲ ਚੰਗੀ ਤਰ੍ਹਾਂ ਨਹੀਂ ਨਿਪਟ ਪਾਉਂਦੇ ਜਦਕਿ ਹੋਰ ਟੀਮਾਂ ਦਬਾਅ ਨਾਲ ਚੰਗੀ ਤਰ੍ਹਾਂ ਨਿਪਟ ਲੈਂਦੀਆਂ ਹਨ’।

ਉਹਨਾਂ ਕਿਹਾ, ‘ਜੇਕਰ ਤੁਸੀਂ ਸਾਰੇ ਸੈਮੀਫਾਈਨ ਅਤੇ ਫਾਈਨਲ ਨੂੰ ਦੇਖੋ ਤਾਂ ਇਸ ਵਿਚ ਦਿਖਾਈ ਦਿੰਦਾ ਹੈ ਕਿ ਜਦੋਂ ਤੁਸੀਂ ਲੀਗ ਵਿਚ ਚੰਗਾ ਖੇਡਦੇ ਹੋ ਤਾਂ ਸੈਮੀਫਾਈਨਲ ਜਾਂ ਨੌਕਆਊਟ ਵਿਚ ਇੰਨਾ ਚੰਗਾ ਨਹੀਂ ਖੇਡਦੇ। ਇਹ ਸ਼ਾਇਦ ਤੁਹਾਡੀ ਮਾਨਸਿਕ ਮਜ਼ਬੂਤੀ ਹੀ ਹੈ’। ਦੱਸ ਦਈਏ ਕਿ ਗੰਭੀਰ ਉਸ ਟੀਮ ਦਾ ਹਿੱਸਾ ਸੀ ਜਿਸ ਨੇ 28 ਸਾਲ ਬਾਅਦ 2011 ਵਿਚ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।