ਕੇਂਦਰ ਸਰਕਾਰ ਵਲੋਂ ਹਾਕੀ ਖਿਡਾਰਨ ਰੀਤ ਦਾ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੋਦੀ ਸਰਕਾਰ ਵਲੋਂ 10 ਅਤੇ ਹਰਿਆਣਾ ਸਰਕਾਰ ਵਲੋਂ 60 ਲੱਖ ਦਾ ਇਨਾਮ 

Reet

ਅੰਮ੍ਰਿਤਸਰ(ਸੁਖਵਿੰਦਰਜੀਤ ਸਿੰਘ ਬਹੋੜੂ) : ਭਾਰਤ ਸਰਕਾਰ ਵਲੋਂ ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਅਧੀਨ ਖ਼ਾਲਸਾ ਹਾਕੀ ਅਕੈਡਮੀ ਦੀ ਖਿਡਾਰਣ ਰੀਤ ਨੂੰ ਹਾਕੀ 'ਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ 10 ਲੱਖ ਅਤੇ ਹਰਿਆਣਾ ਸਰਕਾਰ ਨੇ 60 ਲੱਖ ਰੁਪਏ ਦਾ ਇਨਾਮ ਦੇ ਕੇ ਸਨਮਾਨਤ ਕੀਤਾ ਹੈ। ਰੀਤ ਨੂੰ ਇਹ ਸਨਮਾਨ 7 ਤੋਂ 14 ਅਕਤੂਬਰ 2018 ਤਕ ਅਰਜਨਟੀਨਾ ਵਿਖੇ ਹੋਏ ਫ਼ੋਰਥ ਯੂਥ ਉਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੈਸਟ ਸਕੋਰਰ ਦਾ ਖ਼ਿਤਾਬ ਹਾਸਲ ਕਰਨ 'ਤੇ ਮਿਲਿਆ ਹੈ। 

ਇਸ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਕਤ ਲੜਕੀ ਨੂੰ ਵਧਾਈ ਦਿਤੀ ਅਤੇ ਕਿਹਾ ਕਿ ਪ੍ਰਬੰਧਕਾਂ ਦੁਆਰਾ ਸ਼ੁਰੂ ਕੀਤੀ ਗਈ ਵਿਸ਼ਾਲ ਸਿਖਲਾਈ ਦੇ ਬਾਅਦ ਹਾਕੀ ਖਿਡਾਰਣਾਂ ਦੀ ਟੀਮ ਵੱਡੇ ਪੱਧਰ 'ਤੇ ਪ੍ਰਸ਼ੰਸਾ ਪ੍ਰਾਪਤ ਕਰ ਰਹੀ ਹੈ। ਸ: ਛੀਨਾ ਨੇ ਉਕਤ ਪ੍ਰਾਪਤੀ ਲਈ ਡਾਇਰੈਕਟਰ ਖੇਡਾਂ ਡਾ. ਕੰਵਲਜੀਤ ਸਿੰਘ, ਕੋਚ ਬਲਦੇਵ ਸਿੰਘ, ਅਮਰਜੀਤ ਸਿੰਘ ਤੋਂ ਇਲਾਵਾ ਖ਼ਾਲਸਾ ਕਾਲਜ ਸਪੋਰਟਸ ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ, ਬਚਨਪਾਲ ਸਿੰਘ ਦੀ ਸ਼ਲਾਘਾ ਕੀਤੀ।

ਉਨ੍ਹਾਂ ਇਸ ਮੌਕੇ ਕਿਹਾ ਕਿ ਮਹਿਲਾਵਾਂ ਦੇ ਖੇਡਾਂ ਨੂੰ ਉਤਸ਼ਾਹਿਤ ਕਰਨਾ ਸੁਸਾਇਟੀ ਦਾ ਮੁੱਖ ਮਕਸਦ ਹੈ। ਇਸ ਮੌਕੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਫ਼ਤਰ ਵਿਖੇ ਉਕਤ ਖਿਡਾਰਨ ਦਾ ਮੂੰਹ ਮਿੱਠਾ ਕਰਵਾਉਣ ਉਪਰੰਤ ਡਾ. ਦਲਜੀਤ ਸਿੰਘ, ਕੋਚ ਅਮਰਜੀਤ ਸਿੰਘ ਨੇ ਸਾਂਝੇ ਤੌਰ 'ਤੇ ਦਸਿਆ ਕਿ ਉਕਤ ਖੇਡ ਦੌਰਾਨ ਭਾਰਤ ਸਮੇਤ ਕੁਲ 8 ਟੀਮਾਂ ਜਿਨ੍ਹਾਂ 'ਚ ਜਾਪਾਨ, ਆਸਟਰੇਲੀਆ, ਪੋਲੈਂਡ, ਸਾਊਥ ਅਫ਼ਰੀਕਾ, ਆਸਟਰੀਆ, ਬਨਵੈਟਰ ਆਦਿ ਹਿੱਸਾ ਲਿਆ ਜਿਸ 'ਚ ਰੀਤ ਨੇ ਭਾਰਤੀ ਟੀਮ ਵਲੋਂ ਖੇਡਦੇ ਹੋਏ ਸੈਮੀਫ਼ਾਈਲ ਮੈਚ ਨੂੰ ਜਾਪਾਨ ਨੂੰ ਹਰਾਇਆ ਸੀ ਅਤੇ ਇਸ ਦੌਰਾਨ ਉਸ ਨੇ 8 ਗੋਲ ਕੀਤੇ ਅਤੇ ਬੈਸਟ ਸਕੋਰਰ ਦਾ ਮਾਣ ਪ੍ਰਾਪਤ ਕੀਤਾ। ਇਸ ਮੌਕੇ ਡਾ. ਦਲਜੀਤ ਸਿੰਘ, ਕੋਚ ਬਲਦੇਵ ਸਿੰਘ, ਅਮਰਜੀਤ ਸਿੰਘ ਹਾਜ਼ਰ ਸਨ।