ਕ੍ਰਿਕਟ ਵਰਲਡ ਕੱਪ 2019 ਲਈ ਭਾਰਤੀ ਟੀਮ ਦਾ ਐਲਾਨ, ਰਾਇਡੂ ਅਤੇ ਪੰਤ ਨੂੰ ਨਹੀਂ ਮਿਲੀ ਥਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵਿਸ਼ਵ ਕੱਪ 2019 ਇੰਗਲੈਂਡ ਅਤੇ ਵੇਲਜ਼ 'ਚ 30 ਮਈ ਤੋਂ 14 ਜੁਲਾਈ ਤਕ ਖੇਡਿਆ ਜਾਵੇਗਾ

BCCI announces team india for ICC world cup 2019

ਮੁੰਬਈ : 30 ਮਈ ਤੋਂ ਇੰਗਲੈਂਡ ਵਿਚ ਸ਼ੁਰੂ ਹੋ ਰਹੇ ਕ੍ਰਿਕਟ ਵਿਸ਼ਵ ਕੱਪ ਲਈ ਅੱਜ ਭਾਰਤ ਦੀ ਟੀਮ ਦਾ ਐਲਾਨ ਕਰ ਦਿਤਾ ਗਿਆ ਹੈ। ਅੱਜ ਐਲਾਨੀ ਗਈ 15 ਮੈਂਬਰੀ ਟੀਮ ਵਿਚ ਰਿਸ਼ਭ ਪੰਤ ਦੀ ਥਾਂ ਦਿਨੇਸ਼ ਕਾਰਤਿਕ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨੌਜਵਾਨ ਖਿਡਾਰੀ ਵਿਜੈ ਸ਼ੰਕਰ, ਕੇਐਲ ਰਾਹੁਲ ਅਤੇ ਰਵਿੰਦਰ ਜਡੇਜਾ ਵੀ ਟੀਮ ਵਿਚ ਥਾਂ ਬਣਾਉਣ ਵਿਚ ਸਫ਼ਲ ਰਹੇ ਹਨ। 

ਇਕ ਰੋਜ਼ਾ ਟੀਮ ਵਿਚ ਧੋਨੀ ਦਾ ਵਾਰਸ ਮੰਨੇ ਜਾ ਰਹੇ ਪੰਤ ਨੂੰ ਟੀਮ ਵਿਚ ਨਾ ਚੁਣਿਆ ਜਾਣਾ ਹੈਰਾਨੀ ਭਰਿਆ ਰਿਹਾ। ਪੰਤ ਹੁਣ ਤਕ ਆਈਪੀਐਲ ਵਿਚ 222 ਦੌੜਾਂ ਬਣਾ ਚੁੱਕੇ ਹਨ ਜਦਕਿ ਦਿਨੇਸ਼ ਕਾਰਤਿਕ ਨੇ ਸਿਰਫ਼ 93 ਦੌੜਾਂ ਬਣਾਈਆਂ ਹਨ। ਕੇਐਲ ਰਾਹੁਲ ਆਈਪੀਐਲ ਵਿਚ ਹੁਣ ਤਕ 335 ਦੌੜਾਂ ਬਣਾ ਚੁੱਕੇ ਹਨ। ਸੀਨੀਅਰ ਚੋਣ ਕਮੇਟੀ ਦੇ ਪ੍ਰਧਾਨ ਐਮਐਸਕੇ ਪ੍ਰਸਾਦ ਨੇ ਕਿਹਾ ਕਿ ਦਿਨੇਸ਼ ਕਾਰਤਿਕ ਦੀ ਵਧੀਆ ਵਿਕੇਟਕੀਪਿੰਗ ਕਾਰਨ ਪੰਤ ਨੂੰ ਭਾਰਤੀ ਟੀਮ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਕਿਹਾ ਕਿ ਦਿਨੇਸ਼ ਕਾਰਤਿਕ ਮਹਿੰਦਰ ਸਿੰਘ ਧੋਨੀ ਦੇ ਬਦਲ ਦੇ ਰੂਪ ਵਿਚ ਟੀਮ 'ਚ ਸ਼ਾਮਲ ਰਹਿਣਗੇ।

ਪ੍ਰਸਾਦ ਨੇ ਕਿਹਾ ਕਿ ਆਈਪੀਐਲ ਵਿਚ ਪ੍ਰਦਰਸ਼ਨ ਦਾ ਵਿਸ਼ਵ ਕੱਪ ਟੀਮ ਵਿਚ ਚੁਣੇ ਜਾਣ 'ਤੇ ਜ਼ਿਆਦਾ ਅਸਰ ਨਹੀਂ ਪਿਆ। ਉਨ੍ਹਾਂ ਕਿਹਾ ਕਿ ਕਈ ਖਿਡਾਰੀ ਆÂਪੀਐਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਪਰ ਉਨ੍ਹਾਂ ਦੀ ਵਿਸ਼ਵ ਕੱਪ ਲਈ ਟੀਮ ਵਿਚ ਚੋਣ ਨਹੀਂ ਹੋ ਸਕੀ ਕਿਉਂਕਿ ਆਈਪੀਐਲ ਚੋਣ ਲਈ ਵੱਡਾ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਰਿਸ਼ਭ ਪੰਤ ਆਈਪੀਐਲ ਵਿਚ ਵਧੀਆ ਪ੍ਰਦਰਸ਼ਨ ਕਰ ਰਹੇ ਸਨ ਪਰ ਉਹ ਵਿਸ਼ਵ ਕੱਪ ਲਈ ਟੀਮ ਵਿਚ ਥਾਂ ਨਹੀਂ ਬਣਾ ਸਕੇ।

ਵਰਲਡ ਕੱਪ 2019 ਦੇ ਵਿਚ ਟੀਮ ਇੰਡੀਆ ਦਾ ਸ਼ੈਡਿਊਲ
ਭਾਰਤ ਬਨਾਮ ਸਾਊਥ ਅਫ਼ਰੀਕਾ 5 ਜੂਨ ਨੂੰ
ਭਾਰਤ ਬਨਾਮ ਆਸਟ੍ਰੇਲੀਆ 9 ਜੂਨ ਨੂੰ
ਭਾਰਤ ਬਨਾਮ ਨਿਊਜ਼ੀਲੈਂਡ 13 ਜੂਨ ਨੂੰ
ਭਾਰਤ ਬਨਾਮ ਪਾਕਿਸਤਾਨ 16 ਜੂਨ ਨੂੰ
ਭਾਰਤ ਬਨਾਮ ਅਫ਼ਗ਼ਾਨਿਸਤਾਨ 22 ਜੂਨ ਨੂੰ
ਭਾਰਤ ਬਨਾਮ ਇੰਗਲੈਂਡ 30 ਜੂਨ ਨੂੰ
ਭਾਰਤ ਬਨਾਮ ਬੰਗਲਾਦੇਸ਼ 2 ਜੁਲਾਈ ਨੂੰ
ਭਾਰਤ ਬਨਾਮ ਸ੍ਰੀ ਲੰਕਾ 6 ਜੁਲਾਈ ਨੂੰ