ਭਾਰਤ ਦੇ ਵਿਸ਼ਵ ਕੱਪ ਜੇਤੂ ਕਪਤਾਨ ਹਰਜੀਤ ਸਿੰਘ ਦੀ ਰਾਸ਼ਟਰੀ ਕੈਂਪ ’ਚ ਵਾਪਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇਸ ਕੈਂਪ ਵਿਚ 60 ਖਿਡਾਰੀ ਲੈਣਗੇ ਹਿੱਸਾ

Harjeet Singh

ਨਵੀਂ ਦਿੱਲੀ: ਭਾਰਤ ਦੇ ਜੂਨੀਅਰ ਹਾਕੀ ਟੀਮ ਦੇ ਵਿਸ਼ਵ ਕੱਪ ਜੇਤੂ ਕਪਤਾਨ ਹਰਜੀਤ ਸਿੰਘ ਨੂੰ ਐਤਵਾਰ ਤੋਂ ਲੱਗਣ ਵਾਲੇ ਸੀਨੀਅਰ ਪੁਰਸ਼ ਟੀਮ ਦੇ ਕੈਂਪ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਕੈਂਪ ਵਿਚ 60 ਖਿਡਾਰੀ ਹਿੱਸਾ ਲੈਣਗੇ। ਬੈਂਗਲੁਰੂ ਦੇ ਭਾਰਤੀ ਖੇਡ ਅਥਾਰਟੀ (ਸਾਈ) ਕੇਂਦਰ ਵਿਚ ਲੱਗਣ ਵਾਲੇ ਇਸ ਕੈਂਪ ਲਈ ਖਿਡਾਰੀਆਂ ਦੀ ਚੋਣ ਨੌਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ 2019 ਏ ਡਿਵੀਜ਼ਨ ਤੇ ਅੰਤਰਰਾਸ਼ਟਰੀ ਮੈਚਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਹੋਈ ਹੈ।

ਹਰਜੀਤ ਲਖਨਊ ਵਿਚ 2016 ਵਿਚ ਹੋਏ ਜੂਨੀਅਰ ਵਿਸ਼ਵ ਕੱਪ ਨੂੰ ਜਿੱਤਣ ਵਾਲੀ ਭਾਰਤੀ ਟੀਮ ਦੇ ਕਪਤਾਨ ਸਨ। ਉਨ੍ਹਾਂ ਨੂੰ ਲਗਪਗ ਇਕ ਸਾਲ ਬਾਅਦ ਰਾਸ਼ਟਰੀ ਕੈਂਪ ਲਈ ਬੁਲਾਇਆ ਗਿਆ ਹੈ। ਜੂਨੀਅਰ ਭਾਰਤੀ ਟੀਮ ਦੇ ਉਨ੍ਹਾਂ ਦੇ ਸਾਥੀ ਖਿਡਾਰੀ ਸੰਤਾ ਸਿੰਘ, ਵਿਕਰਮਜੀਤ ਸਿੰਘ, ਦਿਪਸਨ ਟਿਰਕੀ, ਮਨਪ੍ਰਰੀਤ (ਜੂਨੀਅਰ) ਤੇ ਅਰਮਾਨ ਕੁਰੈਸ਼ੀ ਨੂੰ ਪਿਛਲੇ ਰਾਸ਼ਟਰੀ ਕੈਂਪ ਵਿਚ ਥਾਂ ਨਹੀਂ ਮਿਲੀ ਸੀ ਪਰ ਹਾਕੀ ਇੰਡੀਆ ਦੇ 60 ਖਿਡਾਰੀਆਂ ਦੀ ਇਸ ਸੂਚੀ ਵਿਚ ਉਨ੍ਹਾਂ ਨੂੰ ਵੀ ਥਾਂ ਦਿਤੀ ਗਈ ਹੈ।

ਇਸ ਸੂਚੀ ਵਿਚ ਸ਼ਾਮਲ ਖਿਡਾਰੀਆਂ ਦੇ ਚੋਣ ਟਰਾਇਲ ਤੋਂ ਬਾਅਦ 20 ਅਪ੍ਰੈਲ ਨੂੰ ਇਨ੍ਹਾਂ ਦੀ ਗਿਣਤੀ 33 ਕਰ ਦਿਤੀ ਜਾਵੇਗੀ ਜੋ ਟੀਮ ਚੋਣ ਲਈ ਸੰਭਾਵਿਤ ਖਿਡਾਰੀ ਹੋਣਗੇ।