ਮੁਅੱਤਲੀ ਦੇ ਤਿੰਨ ਸਾਲ ਬਾਅਦ ਫਿਰ ਵੈਸਟਇੰਡੀਜ਼ ਦੇ ਕੋਚ ਬਣੇ ਸਿੰਮਸ

ਏਜੰਸੀ

ਖ਼ਬਰਾਂ, ਖੇਡਾਂ

ਸਿੰਮਸ ਦੇ ਮਾਰਗਦਰਸ਼ਨ ਵਿਚ ਵੈਸਟਇੰਡੀਜ਼ ਨੇ 2016 ਟੀ-20 ਵਿਸ਼ਵ ਕੱਪ ਜਿਤਿਆ ਸੀ।

Phil Simmons returns to coach West Indies

ਸੇਂਟ ਜੋਂਸ : ਵਿਵਾਦਤ ਹਾਲਾਤ ਵਿਚ ਅਹੁਦੇ ਤੋਂ ਹਟਾਏ ਜਾਣ ਤੋਂ ਤਿੰਨ ਸਾਲ ਬਾਅਦ ਫਿਲ ਸਿੰਮਸ ਨੂੰ ਇਕ ਵਾਰ ਫਿਰ ਵੈਸਟਇੰਡੀਜ਼ ਕ੍ਰਿਕਟ ਟੀਮ ਦਾ ਕੋਚ ਬਣਾਇਆ ਗਿਆ ਹੈ। ਕ੍ਰਿਕਟ ਵੈਸਟਇੰਡੀਜ਼ ਨੇ ਸੋਮਵਾਰ ਜਾਰੀ ਇਕ ਬਿਆਨ ਵਿਚ ਕਿਹਾ ਕਿ ਸਿੰਮਸ ਅਗਲੇ ਚਾਰ ਸਾਲ ਲਈ ਟੀਮ ਦੇ ਕੋਚ ਹੋਣਗੇ। ਉਨ੍ਹਾਂ ਦੇ ਮਾਰਗਦਰਸ਼ਨ ਵਿਚ ਵੈਸਟਇੰਡੀਜ਼ ਨੇ 2016 ਟੀ-20 ਵਿਸ਼ਵ ਕੱਪ ਜਿਤਿਆ ਸੀ।

ਸਿਮੰਸ 'ਤੇ ਲੱਗੀ ਪਾਬੰਦੀ ਦਾ ਕਾਰਾਨ ਉਨ੍ਹਾਂ ਵਲੋਂ 2015 ਵਿਚ ਕੀਤੀ ਗਈ ਉਹ ਸ਼ਿਕਾਇਤ ਸੀ ਜਿਸ ਵਿਚ ਉਨ੍ਹਾਂ ਨੇ ਸ੍ਰੀਲੰਕਾ ਵਿਰੁਧ ਇਕ ਰੋਜ਼ਾ ਲੜੀ ਲਈ ਸਹੀ ਖਿਡਾਰੀਆਂ ਦੀ ਚੋਣ ਨਾ ਹੋਣ ਬਾਰੇ ਕਿਹਾ ਸੀ। ਇਸ ਲਈ ਉਨ੍ਹਾਂ ਨੂੰ ਚੋਣਕਾਰਾਂ 'ਤੇ ਸਵਾਲ ਚੁੱਕਣ ਦੇ ਦੋਸ਼ਾਂ ਹੇਠ ਬਰਖਾਸਤ ਕਰ ਦਿਤਾ ਗਿਆ ਸੀ। ਇਸ ਤੋਂ ਬਾਅਦ ਉਹ ਅਫ਼ਗ਼ਾਨਿਸਤਾਨ ਟੀਮ ਦੇ ਮੁੱਖ ਕੋਚ ਰਹੇ।

ਕ੍ਰਿਕਟ ਵੈਸਟਇੰਡੀਜ਼ (ਸੀ.ਡਬਲੀਊ.ਆਈ) ਦੇ ਪ੍ਰਧਾਨ ਰਿੱਕੀ ਸਕੇਰਿਟ ਨੇ ਕਿਹਾ ਹੈ, ''ਫਿਲ ਸਿੰਮਸ ਨੂੰ ਵਾਪਸ ਲਿਆਉਣਾ ਸਿਰਫ ਪਿਛਲੀਆਂ ਗਲਤੀਆਂ ਨੂੰ ਸੁਧਾਰਨਾ ਹੀ ਨਹੀਂ, ਸਗੋਂ ਮੈਨੂੰ ਯਕੀਨ ਹੈ ਕਿ ਅਸੀਂ ਸਹੀ ਸਮੇਂ 'ਤੇ ਸਹੀ ਵਿਅਕਤੀ ਦੀ ਚੋਣ ਕੀਤੀ ਹੈ।'' ਸਿੰਮਸ ਟੀ-20 ਕ੍ਰਿਕਟ ਵਿਚ ਮਿਲੀ ਸਫ਼ਲਤਾ ਨੂੰ ਹਾਲਾਂਕਿ ਟੈਸਟ ਵਿਚ ਨਹੀਂ ਦੋਹਰਾ ਸਕੇ ਸਨ। ਉਨ੍ਹਾਂ ਦੇ ਕੋਚ ਰਹਿੰਦਿਆਂ ਵੈਸਟਇੰਡੀਜ਼ ਨੇ 14 ਵਿਚੋਂ ਇਕ ਟੈਸਟ ਜਿਤਿਆ ਸੀ।