ਵਿਸ਼ਵ ਕੱਪ ਲਈ ਭਾਰਤੀ ਟੀਮ ਕਾਫੀ ਮਜ਼ਬੂਤ: ਸ਼ਿਖਰ ਧਵਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਿਹਾ - ਅਸੀਂ ਇੰਗਲੈਂਡ 'ਚ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ

Shikhar Dhawan

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਮੰਗਲਵਾਰ ਨੂੰ ਕਿਹਾ ਕਿ ਇੰਗਲੈਂਡ 'ਚ 30 ਮਈ ਤੋਂ ਹੋਣ ਵਾਲੀ ਆਈ.ਸੀ.ਸੀ. ਵਰਲਡ ਕੱਪ ਲਈ ਚੁਣੀ ਗਈ 15 ਮੈਂਮਬਰੀ ਟੀਮ ਕਾਫ਼ੀ ਮਜ਼ਬੂਤ ਹੈ। ਐਮ.ਐਸ.ਕੇ. ਪ੍ਰਸਾਦ ਦੀ ਅਗਵਾਈ ਵਾਲੀ ਸਲੈਕਸ਼ਨ ਕਮੇਟੀ ਨੇ ਸੋਮਵਾਰ ਨੂੰ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਸੀ, ਜਿਸ ਦੀ ਕਪਤਾਨੀ ਵਿਰਾਟ ਕੋਹਲੀ ਕਰਨਗੇ। ਰੋਹਿਤ ਸ਼ਰਮਾ ਨੂੰ ਟੀਮ ਦੀ ਉਪ ਕਪਤਾਨੀ ਸੌਂਪੀ ਗਈ ਹੈ।  ਦਿਨੇਸ਼ ਕਾਰਤਿਕ ਨੇ ਦੂਜੇ ਵਿਕਟਕੀਪਰ ਦੇ ਸਥਾਨ ਦੀ ਦੌੜ 'ਚ ਰਿਸ਼ਭ ਪੰਤ ਨੂੰ ਪਛਾੜ ਕੇ ਬਾਜ਼ੀ ਮਾਰੀ।

ਧਵਨ ਨੇ ਇੱਥੇ ਆਯੋਜਿਤ ਇਕ ਪ੍ਰੋਗਰਾਮ 'ਚ ਕਿਹਾ, "ਵਰਲਡ ਕੱਪ ਲਈ ਸਾਡੀ ਟੀਮ ਕਾਫ਼ੀ ਮਜ਼ਬੂਤ ਤੇ ਬਿਹਤਰ ਹੈ। ਅਸੀਂ ਟੂਰਨਮੈਂਟ 'ਚ ਬਿਹਤਰ ਪ੍ਰਦਰਸ਼ਨ ਕਰਨ ਲਈ ਤਿਆਰ ਹਾਂ। ਅਸੀਂ ਇੰਗਲੈਂਡ 'ਚ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ।" ਆਪਣੀ ਆਈ.ਪੀ.ਐਲ. ਟੀਮ ਦਿੱਲੀ ਕੈਪੀਟਲਜ਼ ਬਾਰੇ 'ਚ ਧਵਨ ਨੇ ਕਿਹਾ, "ਕੋਚ ਰਿਕੀ ਪੌਟਿੰਗ ਤੇ ਸਲਾਹਕਾਰ ਸੌਰਭ ਗਾਂਗੂਲੀ ਦਾ ਅਨੁਭਵ ਕੰਮ ਆ ਰਿਹਾ ਹੈ। ਦੋਨਾਂ ਦਾ ਆਪਣੀ-ਆਪਣੀ ਟੀਮ ਦੇ ਕਪਤਾਨ ਦੇ ਤੌਰ 'ਤੇ ਅਨੁਭਵ ਤੇ ਸਾਡੇ ਤੇ ਭਰੋਸਾ ਕਾਫ਼ੀ ਚੰਗਾ ਹੈ। ਜਵਾਨ ਖਿਡਾਰੀ ਵੀ ਸਮੇਂ ਦੇ ਨਾਲ ਨਿੱਖਰ ਰਹੇ ਹਨ।"

ਜ਼ਿਕਰਯੋਗ ਹੈ ਕਿ ਦਿੱਲੀ ਕੈਪੀਟਲਜ਼ ਟੀਮ ਫਿਲਹਾਲ 8 ਮੈਚਾਂ 'ਚੋਂ 5 ਜਿੱਤ ਕੇ 10 ਅੰਕਾਂ ਦੇ ਨਾਲ ਤਾਲਿਕਾ 'ਚ ਦੂਜੇ ਸਥਾਨ 'ਤੇ ਹੈ। ਧਵਨ ਨੇ ਕਿਹਾ ਕਿ ਦਿੱਲੀ ਫਰੈਂਚਾਇਜ਼ੀ ਦਾ ਨਾਂ ਨਵਾਂ ਹੈ, ਨਵਾਂ ਪ੍ਰਸ਼ਾਸਨ ਤੇ ਨਵਾਂ ਸਪੋਰਟ ਸਟਾਫ।