ਪੰਤ ਦੀ ਬਜਾਏ ਰਾਇਡੂ ਨੂੰ ਬਾਹਰ ਕੀਤੇ ਜਾਣ 'ਤੇ ਬਹਿਸ ਹੋਵੇ : ਗੰਭੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਿਹਾ - 2007 ਵਿਚ ਜਦੋਂ ਚੋਣਕਾਰਾਂ ਨੇ ਮੈਨੂੰ ਨਹੀਂ ਚੁਣਿਆ ਸੀ ਅਤੇ ਮੈਂ ਜਾਣਦਾ ਹਾਂ ਕਿ ਵਿਸ਼ਵ ਕੱਪ ਲਈ ਨਾ ਚੁਣਿਆ ਜਾਣਾ ਕਿੰਨਾ ਮੁਸ਼ਕਲ ਹੁੰਦਾ ਹੈ

Gautam Gambhir

ਨਵੀਂ ਦਿੱਲੀ : ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੂੰ ਲੱਗਦਾ ਹੈ ਕਿ ਸਿਰਫ਼ ਤਿੰਨ ਅਸਫ਼ਲਤਾਵਾਂ ਤੋਂ ਬਾਅਦ ਅੰਬਾਤੀ ਰਾਇਡੂ ਨੂੰ ਭਾਰਤ ਦੀ ਵਿਸ਼ਵ ਕੱਪ ਟੀਮ ਵਿਚੋਂ ਬਾਹਰ ਕੀਤਾ ਜਾਣਾ ਦੁਖਦਾਇਕ ਹੈ ਪਰ ਰਿਸ਼ਭ ਪੰਤ ਨੂੰ ਜਗ੍ਹਾ ਨਾ ਮਿਲਣ 'ਤੇ ਕੋਈ ਬਹਿਸ ਨਹੀਂ ਹੋਣੀ ਚਾਹੀਦੀ ਕਿਉਂਕਿ ਉਸ਼ ਨੇ ਮਿਲੇ ਮੌਕਿਆਂ ਦਾ ਫ਼ਾਇਦਾ ਨਹੀਂ ਚੁੱਕਿਆ।

 ਗੰਭੀਰ ਨੇ ਕਿਹਾ, "ਇਹ ਕਾਫੀ ਮੰਦਭਾਗਾ ਹੈ ਕਿ ਸਫ਼ੈਦ ਗੇਂਦ ਦੀ ਕ੍ਰਿਕਟ ਵਿਚ 48 ਦੀ ਔਸਤ ਵਾਲੇ ਖਿਡਾਰੀ ਨੂੰ ਜਿਹੜਾ ਸਿਰਫ 33 ਸਾਲ ਦਾ ਹੈ, ਉਸ ਨੂੰ ਟੀਮ ਵਿਚ ਜਗ੍ਹਾ ਨਹੀਂ ਦਿੱਤੀ ਗਈ। ਚੋਣ ਵਿਚ ਕਿਸੇ ਹੋਰ ਫੈਸਲੇ ਤੋਂ ਵੱਧ ਦੁਖਦਾਈ ਮੇਰੇ ਲਈ ਇਹ ਹੀ ਹੈ।" ਉਨ੍ਹਾਂ ਕਿਹਾ, "ਮੈਨੂੰ ਉਸ ਦੇ ਲਈ ਦੁੱਖ ਹੁੰਦਾ ਹੈ ਕਿਉਂਕਿ ਮੈਂ ਵੀ 2007 ਵਿਚ ਇਸੇ ਤਰ੍ਹਾਂ ਦੀ ਸਥਿਤੀ ਵਿਚ ਸੀ ਜਦੋਂ ਚੋਣਕਾਰਾਂ ਨੇ ਮੈਨੂੰ ਨਹੀਂ ਚੁਣਿਆ ਸੀ ਤੇ ਮੈਂ ਜਾਣਦਾ ਹਾਂ ਕਿ ਵਿਸ਼ਵ ਕੱਪ ਲਈ ਨਾ ਚੁਣਿਆ ਜਾਣਾ ਕਿੰਨਾ ਮੁਸ਼ਕਲ ਹੁੰਦਾ ਹੈ।" 

ਗੰਭੀਰ ਨੇ ਕਿਹਾ, "ਆਖਰਕਾਰ ਹਰ ਕਿਸੇ ਨੌਜਵਾਨ ਖਿਡਾਰੀ ਲਈ ਇਹ ਬਚਪਨ ਦਾ ਸੁਪਨਾ ਹੁੰਦਾ ਹੈ ਕਿ ਉਹ ਇਸ ਵੱਡੇ ਟੂਰਨਾਮੈਂਟ ਦਾ ਹਿੱਸਾ ਬਣੇ। ਇਸ ਲਈ ਮੈਨੂੰ ਕਿਸੇ ਹੋਰ ਕ੍ਰਿਕਟਰ ਤੋਂ ਵੱਧ ਰਾਇਡੂ ਲਈ ਦੁੱਖ ਹੋ ਰਿਹਾ ਹੈ, ਜਿਸ ਨੂੰ ਨਹੀਂ ਚੁਣਿਆ ਗਿਆ।"