ਪ੍ਰੋ ਕਬੱਡੀ ਲੀਗ: ਦਬੰਗ ਦਿੱਲੀ ਨੇ ਗੁਜਰਾਤ ਨੂੰ ਹਰਾਇਆ, ਪਟਨਾ ਨੂੰ ਮਿਲੀ ਸ਼ਾਨਦਾਰ ਜਿੱਤ
ਪ੍ਰੋ ਕਬੱਡੀ ਲੀਗ (ਪੀਕੇਐਲ) ਦੇ ਸੀਜ਼ਨ 7 ਵਿਚ ਐਤਵਾਰ ਨੂੰ ਦੋ ਮੁਕਾਬਲੇ ਖੇਡੇ ਗਏ।
ਪੁਣੇ: ਪ੍ਰੋ ਕਬੱਡੀ ਲੀਗ (ਪੀਕੇਐਲ) ਦੇ ਸੀਜ਼ਨ 7 ਵਿਚ ਐਤਵਾਰ ਨੂੰ ਦੋ ਮੁਕਾਬਲੇ ਖੇਡੇ ਗਏ। ਪਹਿਲੇ ਮੁਕਾਬਲੇ ਵਿਚ ਦਬੰਗ ਦਿੱਲੀ ਨੇ ਗੁਜਰਾਤ ਫਾਰਚੂਨ ਜੁਆਇੰਟਸ ਨੂੰ ਮਾਤ ਦਿੱਤੀ ਤਾਂ ਦੂਜੇ ਮੁਕਾਬਲੇ ਵਿਚ ਪ੍ਰਦੀਪ ਨਰਵਾਲ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਤਿੰਨ ਵਾਰ ਦੀ ਚੈਂਪੀਅਨ ਪਟਨਾ ਪਾਇਰੇਟਸ ਨੇ ਪੁਣੇਰੀ ਪਲਟਨ ਨੂੰ 55-33 ਨਾਲ ਹਰਾਇਆ।
ਨਰਵਾਲ ਨੇ ਇਕ ਵਾਰ ਫਿਰ ਸੁਪਰ 10 ਦੇ ਨਾਲ 18 ਰੇਡ ਪੁਆਇੰਟ ਹਾਸਲ ਕੀਤੇ, ਜਿਸ ਨਾਲ ਪਟਨਾ ਦੀ ਟੀਮ ਲਗਾਤਾਰ ਤੀਜੀ ਜਿੱਤ ਦਰਜ ਕਰਨ ਵਿਚ ਸਫ਼ਲ ਰਹੀ। ਪਟਨਾ ਦੇ ਨੀਰਜ ਕੁਮਾਰ ਨੇ ਵੀ ਮਨਜੀਤ ਛਿੱਲਰ ਦੇ ਰਿਕਾਰਡ ਦੀ ਬਰਾਬਰੀ ਕਰਦੇ ਹੋਏ 11 ਟੈਕਲ ਅੰਕ ਹਾਸਲ ਕੀਤੇ। ਇਸ ਜਿੱਤ ਨਾਲ ਪਟਨਾ ਦੀ ਟੀਮ ਅੰਕ ਸੂਚੀ ਵਿਚ ਅੱਠਵੇਂ ਸਥਾਨ ‘ਤੇ ਪਹੁੰਚ ਗਈ ਹੈ।
ਦਬੰਗ ਦਿੱਲੀ ਨੇ ਗੁਜਰਾਤ ਨੂੰ ਹਰਾਇਆ
ਸ਼ਾਨਦਾਰ ਪ੍ਰਦਰਸ਼ਨ ਨਾਲ ਨਵੀਨ ਕੁਮਾਰ ਦੇ ਲਗਾਤਾਰ 13ਵੇਂ ਸੁਪਰ 10 ਦੇ ਦਮ ‘ਤੇ ਦਬੰਗ ਦਿੱਲੀ ਨੇ ਗੁਜਰਾਤ ਫਾਰਚੂਨ ਜੁਆਇੰਟਸ ਨੂੰ 34-30 ਨਾਲ ਹਰਾ ਕੇ ਅਪਣੀ ਸਥਿਤੀ ਮਜ਼ਬੂਤ ਕੀਤੀ। ਮੈਚ ਦੀ ਪਹਿਲੀ ਪਾਰੀ ਵਿਚ ਦਿੱਲੀ ਦਾ ਦਬਾਅ ਰਿਹਾ ਅਤੇ ਟੀਮ 11 ਅੰਕ ਨਾਲ ਅੱਗੇ ਸੀ ਪਰ ਪਹਿਲੀ ਪਾਰੀ ਤੋਂ ਬਾਅਦ ਗੁਜਰਾਤ ਨੇ ਦਮਦਾਰ ਵਾਪਸੀ ਕੀਤੀ।
ਰੋਹਿਤ ਗੁਲਿਆ ਨੇ ਗੁਜਰਾਤ ਲਈ 13 ਅੰਕ ਬਣਾਏ ਪਰ ਉਹ ਟੀਮ ਨੂੰ ਜਿੱਤ ਦਵਾਉਣ ਵਿਚ ਅਸਫ਼ਲ ਰਹੇ। ਇਸ ਜਿੱਤ ਤੋਂ ਬਾਅਦ ਅੰਕ ਸੂਚੀ ਵਿਚ ਪਹਿਲੇ ਸਥਾਨ ‘ਤੇ 15 ਮੈਚਾਂ ਵਿਚ 64 ਅੰਕਾਂ ਨਾਲ ਦਿੱਲੀ ਹੈ। ਗੁਜਰਾਤ ਦੀ ਟੀਮ ਦੇ 16 ਮੈਚਾਂ ਵਿਚ 35 ਅੰਕ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।