ਰਹਾਣੇ ਨੇ ਅਫ਼ਗਾਨੀ ਖਿਡਾਰੀਆਂ ਨੂੰ ਦਿਤੀਆਂ ਖ਼ਾਸ ਨਸੀਹਤਾਂ

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਕਪਤਾਨ ਅਜਿੰਕੇ ਰਹਾਣੇ ਦਾ ਮੰਨਣਾ ਹੈ ਕਿ ਅਫ਼ਗਾਨਿਸਤਾਨ ਨੂੰ ਟੈਸਟ ਮੈਚ ਦੀ ਤਿਆਰੀ ਲਈ ਅਭਿਆਸ ਦੌਰਾਨ ਟੈਸਟ ਮੈਚ ਦੇ ਹਾਲਾਤ ਸੋਚ ਕੇ ਖੇਡਣਾ ਹੋਵੇਗਾ। ਰਹਾਣੇ ਨੇ ...

Rahane

ਨਵੀਂ ਦਿੱਲੀ : ਭਾਰਤੀ ਕਪਤਾਨ ਅਜਿੰਕੇ ਰਹਾਣੇ ਦਾ ਮੰਨਣਾ ਹੈ ਕਿ ਅਫ਼ਗਾਨਿਸਤਾਨ ਨੂੰ ਟੈਸਟ ਮੈਚ ਦੀ ਤਿਆਰੀ ਲਈ ਅਭਿਆਸ ਦੌਰਾਨ ਟੈਸਟ ਮੈਚ ਦੇ ਹਾਲਾਤ ਸੋਚ ਕੇ ਖੇਡਣਾ ਹੋਵੇਗਾ। ਰਹਾਣੇ ਨੇ ਕਿਹਾ ਕਿ ਅਫ਼ਗਾਨਿਸਤਾਨ ਲਈ ਇਹ ਸ਼ੁਰੂਆਤ ਹੈ। ਉਨ੍ਹਾਂ ਦੀ ਗੇਂਦਬਾਜ਼ੀ ਇੰਨੀ ਧਾਰਦਾਰ ਹੈ ਕਿ ਉਹ ਕਿਸੇ ਵੀ ਟੀਮ ਦੀਆਂ ਧੱਜੀਆਂ ਉਡਾ ਸਕਦੇ ਹਨ।

ਅਜੇ ਉਹ ਸਿੱਖ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜਿੰਨਾ ਜ਼ਿਆਦਾ ਖੇਡਣਗੇ, ਉਨਾ ਹੀ ਜ਼ਿਆਦਾ ਸਿੱਖਣਗੇ। ਇਹ ਉਨ੍ਹਾਂ ਲਈ ਸ਼ੁਰੂਆਤ ਹੈ। ਕੋਈ ਉਨ੍ਹਾਂ ਨੂੰ ਇਸ ਹਾਰ ਲਈ ਦੋਸ਼ ਨਹੀਂ ਦੇ ਸਕਦਾ। ਉਨ੍ਹਾਂ ਨੇ ਅਪਣੇ ਵਲੋਂ ਪੂਰੀ ਕੋਸ਼ਿਸ਼ ਕੀਤੀ ਹੈ। ਪਹਿਲੀ ਪਾਰੀ ਤੋਂ ਬਾਅਦ ਉਹ ਵਿਕਟ 'ਤੇ ਟਿਕਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਇਹ ਆਗ਼ਾਜ਼ ਭਰ ਹੈ।

ਰਹਾਣੇ ਨੇ ਕਿਹਾ ਕਿ ਟੈਸਟ ਕ੍ਰਿਕਟ ਰਵੱਈਆ ਅਤੇ ਸਬਰ ਦਾ ਇਮਤਿਹਾਨ ਹੈ। ਜੇਕਰ ਇਨ੍ਹਾਂ ਦੇ ਦੋ ਜਾਂ ਤਿੰਨ ਖਿਡਾਰੀ ਲੰਬੇ ਸਮੇਂ ਤਕ ਟਿਕ ਗਏ ਤਾਂ ਕਿਸੇ ਵੀ ਟੈਸਟ ਟੀਮ ਨੂੰ ਹਰਾ ਸਕਦੇ ਹਨ। ਰਹਾਣੇ ਨੇ ਮੈਚ ਤੋਂ ਬਾਅਦ ਪੂਰੀ ਅਫ਼ਗਾਨਿਸਤਾਨ ਟੀਮ ਨੂੰ ਫ਼ੋਟੋ ਲਈ ਬੁਲਾਇਆ ਅਤੇ ਵਿਰੋਧੀ ਕਪਤਾਨ ਅਸਗਰ ਸਟੇਨਿਕਜਈ ਨੂੰ ਜੇਤੂ ਟਰਾਫ਼ੀ ਫੜਨ ਦੀ ਪੇਸ਼ਕਸ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਜਿੱਤ ਅਤੇ ਹਾਰ ਖੇਡ ਦਾ ਹਿੱਸਾ ਹੈ।

ਤੁਹਾਡਾ ਰਵੱਈਆ ਹਮੇਸ਼ਾ ਜਿੱਤ ਦਾ ਹੋਣਾ ਚਾਹੀਦਾ ਹੈ ਪਰ ਮੈਦਾਨ 'ਤੇ ਤੁਸੀਂ ਇਕ ਦੂਜੇ ਦਾ ਸਨਮਾਨ ਕਰਨਾ ਵੀ ਸਿੱਖਦੇ ਹੋ। ਮੈਂ ਅਫ਼ਗਾਨਿਸਤਾਨ ਵਿਰੁਧ ਖੇਡ ਕੇ ਬਹੁਤ ਕੁਝ ਸਿੱਖਿਆ। ਉਥੇ ਹੀ ਅਫ਼ਗਾਨਿਸਤਾਨ ਦੇ ਕਪਤਾਨ ਅਸਗਰ ਸਟਾਨਿਕਜਾਈ ਨੇ ਦੋ ਦਿਨ 'ਚ ਹੀ ਮੈਚ ਖ਼ਤਮ ਹੋ ਜਾਣ 'ਤੇ ਨਿਰਾਸ਼ਾ ਜਤਾਈ ਅਤੇ ਕਿਹਾ ਕਿ ਟੀਮ ਦੇ ਬੱਲੇਬਾਜ਼ਾਂ ਨੇ ਖ਼ਰਾਬ ਪ੍ਰਦਰਸ਼ਨ ਕੀਤਾ ਹੈ। (ਏਜੰਸੀ)