ਪਾਕਿਸਤਾਨੀ ਕਪਤਾਨ ਸਰਫ਼ਰਾਜ ਅਹਿਮਦ ਤੋਂ ਕਪਤਾਨੀ ਖੋਹੀ
ਅਜਹਰ ਨੂੰ ਟੈਸਟ ਅਤੇ ਬਾਬਰ ਨੂੰ ਟੀ20 ਦਾ ਕਪਤਾਨ ਬਣਾਇਆ
ਇਸਲਾਮਾਬਾਦ : ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਸ਼ੁਕਰਵਾਰ ਨੂੰ ਸਰਫ਼ਰਾਜ਼ ਅਹਿਮਦ ਤੋਂ ਟੀਮ ਦੀ ਕਪਤਾਨੀ ਖੋਹ ਲਈ ਹੈ। ਉਨ੍ਹਾਂ ਦੀ ਥਾਂ ਹੁਣ ਅਜਹਰ ਅਲੀ ਟੈਸਟ ਅਤੇ ਬਾਬਰ ਆਜ਼ਮ ਟੀ20 ਟੀਮ ਦੀ ਕਮਾਨ ਸੰਭਾਲਣਗੇ। ਇਕ ਰੋਜ਼ਾ ਟੀਮ ਲਈ ਕਪਤਾਨ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ। ਪੀ.ਸੀ.ਬੀ. ਨੇ ਇਹ ਫ਼ੈਸਲਾ ਆਸਟ੍ਰੇਲੀਆ ਦੌਰੇ ਤੋਂ ਠੀਕ ਪਹਿਲਾਂ ਲਿਆ ਹੈ। ਇਥੇ ਪਾਕਿਸਤਾਨ 3 ਟੀ20 ਮੈਚ ਅਤੇ ਵਰਲਡ ਟੈਸਟ ਚੈਂਪੀਅਨਸ਼ਿਪ 'ਚ 2 ਟੈਸਟ ਮੈਚ ਖੇਡੇਗਾ।
ਮੰਨਿਆ ਜਾ ਰਿਹਾ ਹੈ ਕਿ ਪੀ.ਸੀ.ਬੀ. ਨੇ ਇਹ ਫ਼ੈਸਲਾ ਪਾਕਿਸਤਾਨੀ ਟੀਮ ਦੇ ਵਿਸ਼ਵ ਕੱਪ 'ਚ ਖ਼ਰਾਬ ਪ੍ਰਦਰਸ਼ਨ ਨੂੰ ਵੇਖਦਿਆਂ ਲਿਆ ਹੈ। ਇਸੇ ਮਹੀਨੇ ਸ੍ਰੀਲੰਕਾ ਵਿਰੁਧ ਟੀ20 ਲੜੀ 'ਚ ਵੀ ਪਾਕਿਸਤਾਨ ਨੂੰ 3-0 ਨਾਲ ਕਰਾਰੀ ਹਾਰ ਮਿਲੀ ਸੀ। ਇਸ ਤੋਂ ਬਾਅਦ ਟੀਮ ਦੇ ਕਪਤਾਨ ਸਰਫ਼ਰਾਜ ਅਹਿਮਦ ਅਤੇ ਨਵੇਂ ਕੋਚ ਮਿਸਬਾਹ ਉਲ ਹੱਕ ਵਿਚਕਾਰ ਟਕਰਾਅ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ।
ਸਰਫ਼ਰਾਜ ਦੀ ਕਪਤਾਨੀ 'ਚ ਪਾਕਿਸਤਾਨ ਟੀਮ ਵਿਸ਼ਵ ਕੱਪ ਦੇ ਸੈਮੀਫ਼ਾਈਨਲ ਵਿਚ ਪਹੁੰਚਣ 'ਚ ਨਾਕਾਮ ਰਹੀ ਸੀ। ਇਸ ਤੋਂ ਬਾਅਦ ਘਰੇਲੂ ਮੈਦਾਨ 'ਤੇ ਉਸ ਨੇ ਸ੍ਰੀਲੰਕਾ ਵਿਰੁਧ ਇਕ ਰੋਜ ਮੈਚਾਂ ਦੀ ਲੜੀ ਜਿੱਤੀ ਸੀ ਪਰ ਟੀ20 ਲੜੀ ਹਾਰ ਗਈ ਸੀ। ਟੀਮ ਵਰਲਡ ਟੀ20 ਰੈਂਕਿੰਗ 'ਚ ਪਾਕਿਸਤਾਨ ਪਹਿਲੇ ਨੰਬਰ 'ਤੇ ਹੈ। ਹਾਲਾਂਕਿ ਇਸ ਤੋਂ ਪਹਿਲਾਂ ਸਰਫ਼ਰਾਜ਼ ਦੀ ਅਗਵਾਈ 'ਚ ਹੀ ਪਾਕਿਸਤਾਨ ਨੇ ਸਾਲ 2017 'ਚ ਭਾਰਤ ਨੂੰ ਹਰਾ ਕੇ ਚੈਂਪੀਅਨ ਟਰਾਫ਼ੀ ਜਿੱਤੀ ਸੀ।