ਬਾਸਕਟਬਾਲ ਅੰਡਰ-17 ‘ਚ ਪੰਜਾਬ ਦੇ ਮੁੰਡਿਆਂ ਤੇ ਕੁੜੀਆਂ ਦੋਵਾਂ ਨੇ ਜਿੱਤਿਆ ਸੋਨੇ ਦਾ ਤਮਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਦੌਰਾਨ ਅੱਜ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਚੇਚੇ ਤੌਰ 'ਤੇ ਸ਼ਿਰਕਤ...

Boys and girls both won gold medal in Basketball Under-17

ਚੰਡੀਗੜ੍ਹ : ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਦੌਰਾਨ ਅੱਜ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਚੇਚੇ ਤੌਰ 'ਤੇ ਸ਼ਿਰਕਤ ਕਰਦਿਆਂ ਪੰਜਾਬ ਦੇ ਖਿਡਾਰੀਆਂ ਨੂੰ ਮਿਲ ਕੇ ਹੱਲਾਸ਼ੇਰੀ ਦਿਤੀ। ਅੱਜ ਹੋਏ ਮੁਕਾਬਲਿਆਂ ਵਿੱਚ ਪੰਜਾਬ ਨੇ ਦੋ ਸੋਨ ਤਮਗਿਆਂ ਸਣੇ ਕੁੱਲ 9 ਤਮਗੇ ਜਿੱਤੇ। ਬਾਸਕਟਬਾਲ ਵਿਚ ਦੋ ਸੋਨੇ ਤੇ ਇਕ ਚਾਂਦੀ, ਫੁਟਬਾਲ ਵਿੱਚ ਇਕ ਚਾਂਦੀ ਤੇ ਇਕ ਕਾਂਸੀ, ਮੁੱਕੇਬਾਜ਼ੀ ਵਿਚ ਇਕ ਚਾਂਦੀ ਤੇ ਦੋ ਕਾਂਸੀ ਅਤੇ ਤੀਰਅੰਦਾਜ਼ੀ ਵਿਚ ਇਕ ਕਾਂਸੀ ਦਾ ਤਮਗਾ ਜਿੱਤਿਆ।​

​ਪੰਜਾਬ ਵਲੋਂ ਅੱਜ ਜਿੱਤੇ ਤਮਗਿਆਂ ਨਾਲ ਹੁਣ ਤੱਕ ਕੁੱਲ ਜਿੱਤੇ ਤਮਗਿਆਂ ਦੀ ਗਿਣਤੀ 65 ਤੱਕ ਅੱਪੜ ਗਈ ਜਿਸ ਵਿੱਚ 22 ਸੋਨੇ, 18 ਚਾਂਦੀ ਤੇ 25 ਕਾਂਸੀ ਦੇ ਤਮਗੇ ਸ਼ਾਮਲ ਹਨ। ਅੱਜ ਪੰਜਾਬ ਲਈ ਬਾਸਕਟਬਾਲ ਵਿਚ ਸੁਨਿਹਰਾ ਦਿਨ ਰਿਹਾ। ਅੰਡਰ 17 ਵਿਚ ਪੰਜਾਬ ਦੀਆਂ ਮੁੰਡਿਆਂ ਤੇ ਕੁੜੀਆਂ ਦੀਆਂ ਦੋਵੇਂ ਟੀਮਾਂ ਨੇ ਫਾਈਨਲ ਮੁਕਾਬਲਾ ਜਿੱਤਦਿਆਂ ਸੋਨੇ ਦਾ ਤਮਗਾ ਜਿੱਤਿਆ। ਰਾਣਾ ਸੋਢੀ ਨੇ ਪੰਜਾਬ ਦੀਆਂ ਦੋਵੇਂ ਟੀਮਾਂ ਦੇ ਖਿਡਾਰੀਆਂ ਨੂੰ ਮਿਲ ਕੇ ਨਿੱਜੀ ਤੌਰ 'ਤੇ ਵਧਾਈ ਦਿਤੀ।

ਉਨ੍ਹਾਂ ਉਪ ਜੇਤੂ ਰਹੀ ਪੰਜਾਬ ਦੀ ਫੁਟਬਾਲ ਟੀਮ ਅਤੇ ਤਮਗਾ ਜੇਤੂ ਮੁੱਕੇਬਾਜ਼ਾਂ ਨੂੰ ਵੀ ਮਿਲ ਕੇ ਵਧਾਈ ਦਿਤੀ। ਖੇਡ ਮੰਤਰੀ ਰਾਣਾ ਸੋਢੀ ਜੋ ਖ਼ੁਦ ਸਾਬਕਾ ਕੌਮਾਂਤਰੀ ਨਿਸ਼ਾਨੇਬਾਜ਼ ਰਹੇ ਹਨ, ਨੇ ਸ਼ੂਟਿੰਗ ਰੇਂਜ ਦਾ ਵੀ ਦੌਰਾ ਕੀਤਾ ਜਿੱਥੇ ਉਨ੍ਹਾਂ ਟਰੈਪ ਸ਼ੂਟਿੰਗ ਕਰ ਕੇ ਨਿਸ਼ਾਨੇਬਾਜ਼ਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਅੱਜ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਖੇਲੋ ਇੰਡੀਆ ਗੇਮਜ਼ ਵਿਚ ਪੰਜਾਬ ਦੇ ਸਟੇਟ ਸਪੋਰਟਸ ਮੈਨੇਜਰ ਸ੍ਰੀ ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਬਾਸਕਟਬਾਲ ਦੇ ਅੰਡਰ 17 ਵਿਚ ਪੰਜਾਬ ਦੇ ਮੁੰਡਿਆਂ ਤੇ ਕੁੜੀਆਂ ਦੀਆਂ ਦੋਵਾਂ ਟੀਮਾਂ ਨੇ ਸੋਨੇ ਦਾ ਤਮਗਾ ਜਿੱਤਿਆ।

ਮੁੱਕੇਬਾਜ਼ੀ ਦੇ ਅੰਡਰ 21 ਵਿਚ 64 ਕਿਲੋ ਵਰਗ ਵਿਚ ਹਰਪ੍ਰੀਤ ਕੌਰ ਨੇ ਚਾਂਦੀ ਤੇ 57 ਕਿਲੋ ਵਰਗ ਵਿਚ ਮਨਦੀਪ ਕੌਰ ਨੇ ਕਾਂਸੀ ਅਤੇ 69 ਕਿਲੋ ਵਰਗ ਵਿਚ ਪ੍ਰਲਾਧ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ। ਤੀਰਅੰਦਾਜ਼ੀ ਵਿੱਚ ਅੰਡਰ 17 ਵਰਗ ਵਿਚ ਅਮਨਪ੍ਰੀਤ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ।