ਵਿਸ਼ਵ ਕੱਪ 2019 : ਬੈਨ ਸਟੋਕਸ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਨੇ ਦਰਜ ਕੀਤੀ ਧਮਾਕੇਦਾਰ ਜਿੱਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬੈਨ ਸਟੋਕਸ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ

England beat South Africa by 104 runs

ਲੰਦਨ : ਆਈਸੀਸੀ ਵਿਸ਼ਵ ਕੱਪ 2019 ਦੇ ਪਹਿਲੇ ਮੁਕਾਬਲੇ 'ਚ ਮੇਜ਼ਬਾਨ ਇੰਗਲੈਂਡ ਨੇ ਦੱਖਣ ਅਫ਼ਰੀਕਾ ਕ੍ਰਿਕਟ ਟੀਮ ਨੂੰ 104 ਦੌੜਾਂ ਨਾਲ ਹਰਾ ਦਿੱਤਾ। ਓਵਲ ਮੈਦਾਨ 'ਚ ਖੇਡੇ ਗਏ ਉਦਘਾਟਨੀ ਮੈਚ 'ਚ ਇੰਗਲੈਂਡ ਨੇ ਬੱਲੇ ਅਤੇ ਗੇਂਦ ਦੋਹਾਂ ਨਾਲ ਦੱਖਣ ਅਫ਼ਰੀਕਾ 'ਤੇ ਆਪਣਾ ਦਬਦਬਾ ਵਿਖਾਇਆ। ਇੰਗਲੈਂਡ ਦੇ ਖਿਡਾਰੀ ਬੈਨ ਸਟੋਕਸ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਟੋਕਸ ਨੇ ਮੈਚ 'ਚ 89 ਦੌੜਾਂ ਬਣਾਈਆਂ।

ਇਸ ਤੋਂ ਇਲਾਵਾ ਗੇਂਦਬਾਜ਼ੀ ਕਰਦਿਆਂ 2 ਵਿਕਟਾਂ ਵੀ ਲਈਆਂ, 2 ਕੈਚ ਫੜੇ ਅਤੇ 1 ਰਨ ਆਊਟ ਵੀ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਸ਼ਵ ਕੱਪ 'ਚ ਸ੍ਰੀਲੰਕਾਈ ਖਿਡਾਰੀ ਅਰਵਿੰਦ ਡੀਸਿਲਵਾ ਦੇ 23 ਸਾਲ ਪਹਿਲਾਂ ਬਣਾਏ ਇਕ ਖ਼ਾਸ ਰਿਕਾਰਡ ਦੀ ਬਰਾਬਰੀ ਵੀ ਕਰ ਲਈ।

ਇੰਗਲੈਂਡ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ 'ਚ 8 ਵਿਕਟਾਂ ਗੁਆ ਕੇ 311 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਜੇਸਨ ਰੋਏ ਨੇ 54, ਜੋ ਰੂਟ ਨੇ 51, ਇਓਨ ਮੋਰਗਨ ਨੇ 57 ਅਤੇ ਬੈਨ ਸਟੋਕਸ ਨੇ 89 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉੱਤਰੀ ਦੱਖਣ ਅਫ਼ਰੀਕਾ ਟੀਮ 39.5 ਓਵਰਾਂ 'ਚ 207 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਕਵਿੰਟਨ ਡੀਕਾਕ ਨੇ 68, ਡੁਸੇਨ ਨੇ 50 ਅਤੇ ਫੇਲੁਕਵਾਓ ਨੇ 24 ਦੌੜਾਂ ਬਣਾਈਆਂ।

ਇਮਰਾਨ ਤਾਹਿਰ ਨੇ ਕਾਇਮ ਕੀਤਾ ਨਵਾਂ ਰਿਕਾਰਡ :
ਦੱਖਣ ਅਫ਼ਰੀਕਾ ਦੇ ਲੈਗ ਸਪਿਨਰ ਇਮਰਾਨ ਤਾਹਿਰ ਨੇ ਵਿਸ਼ਵ ਕੱਪ ਕ੍ਰਿਕਟ 'ਚ ਨਵਾਂ ਰਿਕਾਰਡ ਕਾਇਮ ਕੀਤਾ। ਤਾਹਿਰ ਨੇ ਇੰਗਲੈਂਡ ਵਿਰੁੱਧ ਇਕ ਰੋਜ਼ਾ ਵਿਸ਼ਵ ਕੱਪ 2019 ਦਾ ਪਹਿਲਾ ਓਵਰ ਸੁੱਟਿਆ। ਇਸ ਦੇ ਨਾਲ ਹੀ ਉਹ ਵਿਸ਼ਵ ਕੱਪ ਦੇ ਕਿਸੇ ਵੀ ਸੀਜ਼ਨ 'ਚ ਪਹਿਲੀ ਗੇਂਦ ਸੁੱਟਣ ਵਾਲੇ ਪਹਿਲੇ ਸਪਿਨਰ ਬਣ ਗਏ ਹਨ। ਇਮਰਾਨ ਨੇ ਦੂਜੀ ਹੀ ਗੇਂਦ 'ਤੇ ਜੋਨੀ ਬੇਅਰਸਟੋ ਨੂੰ ਆਊਟ ਕੀਤਾ।

ਸਟੋਕਸ ਨੇ ਇਕ ਹੱਥ ਨਾਲ ਫੜਿਆ ਹੈਰਾਨੀਜਨਕ ਕੈਚ :
ਬੈਨ ਸਟੋਕਸ ਮੈਚ 'ਚ ਇਕ ਹੈਰਤਅੰਗੇਜ਼ ਕੈਚ ਫੜਿਆ, ਜਿਸ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਜਦੋਂ ਦੱਖਣ ਅਫ਼ਰੀਕੀ ਟੀਮ ਬੱਲੇਬਾਜ਼ੀ ਕਰ ਰਹੀ ਸੀ ਤਾਂ ਮੈਚ ਦਾ 35ਵਾਂ ਓਵਰ ਇੰਗਲੈਂਡ ਦੇ ਸਪਿਨਰ ਆਦਿਲ ਰਾਸ਼ਿਦ ਕਰਨ ਲਈ ਆਏ। ਪਹਿਲੀ ਹੀ ਗੇਂਦ 'ਤੇ ਦੱਖਣ ਅਫ਼ਰੀਕੀ ਬੱਲੇਬਾਜ਼ ਐਂਡੀ ਫਲੂਕਵਾਓ ਨੇ ਮਿਡ ਵਿਕਟ ਦੀ ਦਿਸ਼ਾ 'ਚ ਇਕ ਸ਼ਾਨਦਾਰ ਸ਼ਾਟ ਖੇਡਿਆ। ਇਹ ਗੇਂਦ ਛੱਕੇ ਲਈ ਜਾ ਰਹੀ ਸੀ ਪਰ ਉਥੇ ਫੀਲਡਿੰਗ ਕਰ ਰਹੇ ਬੈਨ ਸਟੋਕਸ ਨੇ ਹਵਾ 'ਚ ਛਾਲ ਮਾਰਦਿਆਂ ਸ਼ਾਨਦਾਰ ਕੈਚ ਕਰ ਲਿਆ।