ਵਿਸ਼ਵ ਕੱਪ ਵਿਚ ਭਾਰਤ ਦੀ ਲਗਾਤਾਰ ਚੌਥੀ ਜਿੱਤ; ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ
ਵਿਰਾਟ ਕੋਹਲੀ ਨੇ ਜੜਿਆ 48ਵਾਂ ਇਕ ਰੋਜ਼ਾ ਸੈਂਕੜਾ (103)
ਪੁਣੇ: ਟੀਮ ਇੰਡੀਆ ਨੇ ਵਿਸ਼ਵ ਕੱਪ 2023 'ਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ। ਕੋਹਲੀ ਨੇ ਅਪਣਾ 48ਵਾਂ ਵਨਡੇ ਸੈਂਕੜਾ ਲਗਾਇਆ। ਉਸ ਨੇ ਸੱਭ ਤੋਂ ਤੇਜ਼ 26 ਹਜ਼ਾਰ ਅੰਤਰਰਾਸ਼ਟਰੀ ਦੌੜਾਂ ਵੀ ਪੂਰੀਆਂ ਕੀਤੀਆਂ ਹਨ। ਉਸ ਨੇ 567 ਪਾਰੀਆਂ ਵਿਚ ਇਹ ਉਪਲਬਧੀ ਹਾਸਲ ਕੀਤੀ ਹੈ। ਉਨ੍ਹਾਂ ਤੋਂ ਪਹਿਲਾਂ ਸਚਿਨ ਤੇਂਦੁਲਕਰ ਨੇ 600 ਪਾਰੀਆਂ 'ਚ ਇਹ ਉਪਲਬਧੀ ਹਾਸਲ ਕੀਤੀ ਸੀ।
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਇਕ ਰੋਜ਼ਾ ਵਿਸ਼ਵ ਕੱਪ 2023 ਦਾ 17ਵਾਂ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ’ਚ ਖੇਡਿਆ ਗਿਆ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਤਨਜੀਦ ਹਸਨ ਅਤੇ ਲਿਟਨ ਦਾਸ ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੂੰ 8 ਵਿਕਟਾਂ ਦੇ ਨੁਕਸਾਨ ’ਤੇ 257 ਦੌੜਾਂ ਦਾ ਟੀਚਾ ਦਿਤਾ। ਤਨਜੀਦ ਹਸਨ ਨੇ 43 ਗੇਂਦਾਂ ਵਿਚ 5 ਚੌਕਿਆਂ ਅਤੇ 3 ਛਿੱਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ ਜਦਕਿ ਲਿਟਨ ਦਾਸ ਨੇ 82 ਗੇਂਦਾਂ ਵਿਚ 7 ਚੌਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਉਥੇ ਹੀ ਮਹਿਮੂਦੁੱਲਾ ਨੇ 36 ਗੇਂਦਾਂ ’ਚ 3 ਚੌਕਿਆਂ ਅਤੇ 3 ਛਿੱਕਿਆਂ ਦੀ ਮਦਦ ਨਾਲ 46 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਕੋਈ ਵੀ ਖਿਡਾਰੀ ਪ੍ਰਭਾਵਸ਼ਾਲੀ ਬੱਲੇਬਾਜ਼ੀ ਨਹੀਂ ਕਰ ਸਕਿਆ। ਭਾਰਤ ਦੇ ਗੇਂਦਬਾਜ਼ਾਂ ਨੇ ਬੜੀ ਸ਼ਾਨਦਾਰ ਗੇਂਦਬਾਜ਼ੀ ਕੀਤੀ। ਭਾਰਤ ਵਲੋਂ ਬੁਮਰਾਹ, ਸਿਰਾਜ ਤੇ ਜਡੇਜਾ ਨੇ ਦੋ-ਦੋ ਤੇ ਸ਼ਰਦੁਲ ਠਾਕੁਰ ਤੇ ਕੁਲਦੀਪ ਯਾਦਵ ਨੇ 1-1 ਵਿਕਟ ਲਈ।
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਠੋਸ ਤੇ ਤੇਜ਼ ਸ਼ੁਰੂਆਤ ਕੀਤੀ। ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 48 ਦੌੜਾਂ ਬਣਾ ਹਸਨ ਮਹਿਮੂਦ ਵਲੋਂ ਆਊਟ ਹੋਇਆ। ਇਸ ਤੋਂ ਬਾਅਦ ਸ਼ੁਭਮਨ ਗਿੱਲ ਨੇ ਅਪਣਾ ਵਿਸ਼ਵ ਕੱਪ ਦਾ ਪਹਿਲਾ ਅਰਧ ਸੈਂਕੜਾ ਪੂਰਾ ਕੀਤਾ ਤੇ ਉਹ 53 ਦੌੜਾਂ ਬਣਾ ਕੇ ਮਹਿੰਦੀ ਹਸਨ ਮਿਰਾਜ਼ ਦੀ ਗੇਂਦ ’ਤੇ ਆਊਟ ਹੋ ਗਿਆ। ਇਸ ਤਰ੍ਹਾਂ ਮੈਚ ਦੀ ਕਮਾਂਡ ਵਿਰਾਟ ਕੋਹਲੀ ਦੇ ਹੱਥ ਆ ਗਈ। ਉਸ ਨੇ 97 ਗੇਂਦਾਂ ’ਤੇ 103 ਦੌੜਾਂ ਬਣਾਈਆਂ। ਇਹ ਕੋਹਲੀ ਦਾ 48ਵਾਂ ਅੰਤਰ ਰਾਸ਼ਟਰੀ ਸੈਂਕੜਾ ਹੈ। ਉਸ ਨੇ ਅਪਣੀ ਪਾਰੀ ਵਿਚ 6 ਚੌਕੇ ਤੇ 4 ਛਿੱਕੇ ਲਾਏ। ਇਸ ਤੋਂ ਪਹਿਲਾਂ ਸ਼੍ਰੇਅਸ ਅਈਅਰ ਕੇਵਲ 19 ਦੌੜਾਂ ਬਣਾ ਕੇ ਆਊਟ ਹੋ ਗਿਆ। ਮੈਦਾਨ ’ਤੇ ਉਤਰੇ ਵਿਕਟਕੀਪਰ ਕੇ.ਐਲ ਰਾਹੁਲ ਨੇ ਕੋਹਲੀ ਦਾ ਚੰਗਾ ਸਾਥ ਦਿਤਾ। ਉਸ ਨੇ ਨਾਬਾਦ 34 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ। ਭਾਰਤੀ ਟੀਮ ਦੀ ਵਿਸ਼ਵ ਕੱਪ ’ਚ ਲਗਾਤਾਰ ਚੌਥੀ ਜਿੱਤ ਸੀ।