ਖੇਲੋ ਇੰਡੀਆ ਖੇਡਾਂ ਦੇ ਆਖਰੀ ਦਿਨ ਪੰਜਾਬ ਦੇ ਤੀਰਅੰਦਾਜ਼ ਸੰਗਮਪ੍ਰੀਤ ਨੇ ਸੋਨੇ ‘ਤੇ ਲਾਇਆ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੁਣੇ ਵਿਖੇ ਪਿਛਲੇ 12 ਦਿਨਾਂ ਤੋਂ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਦੇ ਆਖਰੀ ਦਿਨ ਅੱਜ ਪੰਜਾਬ ਨੇ ਤਿੰਨ ਤਮਗੇ ਜਿੱਤੇ। ਤੀਰਅੰਦਾਜ਼ੀ ਵਿਚ ਇਕ-ਇਕ ਸੋਨੇ...

Khelo India Youth Games

ਚੰਡੀਗੜ੍ਹ : ਪੁਣੇ ਵਿਖੇ ਪਿਛਲੇ 12 ਦਿਨਾਂ ਤੋਂ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਦੇ ਆਖਰੀ ਦਿਨ ਅੱਜ ਪੰਜਾਬ ਨੇ ਤਿੰਨ ਤਮਗੇ ਜਿੱਤੇ। ਤੀਰਅੰਦਾਜ਼ੀ ਵਿਚ ਇਕ-ਇਕ ਸੋਨੇ ਤੇ ਕਾਂਸੀ ਅਤੇ ਕੁੜੀਆਂ ਦੀ ਹਾਕੀ ਨੇ ਇਕ ਕਾਂਸੀ ਦਾ ਤਮਗਾ ਜਿੱਤਿਆ। ਇਨ੍ਹਾਂ ਖੇਡਾਂ ਵਿਚ ਪੰਜਾਬ ਨੇ 23 ਸੋਨੇ, 19 ਚਾਂਦੀ ਤੇ 30 ਕਾਂਸੀ ਦੇ ਤਗਮਿਆਂ ਸਣੇ ਕੁੱਲ 72 ਤਮਗੇ ਜਿੱਤੇ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਦੇ ਸਮੁੱਚੇ ਖੇਡ ਦਲ ਨੂੰ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਕਿ ਅਗਲੀ ਵਾਰ ਪੰਜਾਬ ਦੇ ਖਿਡਾਰੀ ਹੋਰ ਵੀ ਤਮਗੇ ਜਿੱਤਣਗੇ।

ਉਨ੍ਹਾਂ ਕਿਹਾ ਕਿ ਜਿਹੜੇ ਖਿਡਾਰੀ ਇਸ ਵਾਰ ਤਮਗਾ ਨਹੀਂ ਜਿੱਤ ਸਕੇ, ਉਹ ਅੱਗੇ ਤੋਂ ਹੋਰ ਵੀ ਮਿਹਨਤ ਕਰ ਕੇ ਤਮਗਾ ਸੂਚੀ ਵਿਚ ਅਪਣਾ ਨਾਮ ਦਰਜ ਕਰਵਾਉਣਗੇ। ਉਨ੍ਹਾਂ ਕਿਹਾ ਕਿ ਕੌਮੀ ਖੇਡਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਲਈ ਪੰਜਾਬ ਦੇ ਖਿਡਾਰੀਆਂ ਨੂੰ ਹੁਣੇ ਤੋਂ ਹੀ ਤਿਆਰੀ ਕਸ ਲੈਣੀ ਚਾਹੀਦੀ ਹੈ। ਵਧੀਕ ਮੁੱਖ ਸਕੱਤਰ (ਖੇਡਾਂ) ਸ੍ਰੀ ਸੰਜੇ ਕੁਮਾਰ ਨੇ ਵੀ ਜੇਤੂ ਖਿਡਾਰੀਆਂ ਨੂੰ ਵਧਾਈ ਦਿਤੀ ਅਤੇ ਉਨ੍ਹਾਂ ਦੀ ਪ੍ਰਾਪਤੀ ਦਾ ਸਿਹਰਾ ਕੋਚਿੰਗ ਸਟਾਫ਼ ਅਤੇ ਖਿਡਾਰੀਆਂ ਦੇ ਮਾਪਿਆਂ ਸਿਰ ਬੰਨਿਆਂ।

ਪੰਜਾਬ ਦੇ ਖੇਡ ਦਲ ਦੀ ਮੁਖੀ ਅਤੇ ਖੇਡ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਖੇਡਾਂ ਦੇ ਆਖਰੀ ਦਿਨ ਤਮਗਾ ਜਿੱਤਣ ਵਾਲੇ ਪੰਜਾਬ ਦੇ ਖਿਡਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਰਅੰਦਾਜ਼ੀ ਦੇ ਅੰਡਰ-21 ਵਿਚ ਸੰਗਮਪ੍ਰੀਤ ਸਿੰਘ ਨੇ ਸੋਨੇ ਅਤੇ ਅੰਡਰ-17 ਵਿਚ ਅਮਨਪ੍ਰੀਤ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ। ਸੰਗਮਪ੍ਰੀਤ ਸਿੰਘ ਨੇ ਕੰਪਾਊਂਡ ਈਵੈਂਟ ਦੇ ਫਾਈਨਲ ਵਿਚ ਹਰਿਆਣਾ ਦੇ ਰਾਹੁਲ ਨੂੰ 145-139 ਨਾਲ ਹਰਾਇਆ।

ਕੁੜੀਆਂ ਦੀ ਅੰਡਰ-21 ਹਾਕੀ ਵਿਚ ਪੰਜਾਬ ਦੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ। ਕਾਂਸੀ ਦੇ ਤਮਗੇ ਵਾਲੇ ਮੈਚ ਵਿਚ ਪੰਜਾਬ ਨੇ ਉੜੀਸਾ ਨੂੰ 2-1 ਨਾਲ ਹਰਾਇਆ।