ਸ਼ਹੀਦਾਂ ਦੀ ਮਦਦ ਲਈ ਅੱਗੇ ਆਈ KXIP
ਪੰਜ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਮਦਦ ਦਿੱਤੀ
ਚੰਡੀਗੜ੍ਹ : ਇੰਡੀਅਨ ਪ੍ਰੀਮਿਅਰ ਲੀਗ (ਆਈ.ਪੀ.ਐਲ.) ਦੀ ਟੀਮ ਕਿੰਗਸ ਇਲੈਵਨ ਪੰਜਾਬ (KXIP) ਨੇ ਫ਼ਰਵਰੀ 'ਚ ਪੁਲਵਾਮਾ ਅਤਿਵਾਦੀ ਹਮਲੇ 'ਚ ਸ਼ਹੀਦ ਹੋਏ ਸੀਆਰਪੀਐਫ ਦੇ ਪੰਜ ਜਵਾਨਾਂ (ਪੰਜਾਬ ਅਤੇ ਹਿਮਾਚਲ ਪ੍ਰਦੇਸ਼) ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਮਦਦ ਦਿੱਤੀ। ਟੀਮ ਦੇ ਕਪਤਾਨ ਰਵਿਚੰਦਰਨ ਅਸ਼ਵਿਨ ਅਤੇ ਸੀਆਰਪੀਐਫ ਦੇ ਡੀਆਈਜੀ ਵੀ.ਕੇ. ਕੌਂਦਲ ਦੀ ਮੌਜੂਦਗੀ 'ਚ ਸ਼ਹੀਦ ਜਵਾਨਾਂ ਜੈਮਲ ਸਿੰਘ, ਸੁਖਜਿੰਦਰ ਸਿੰਘ, ਮਨਿੰਦਰ ਸਿੰਘ, ਕੁਲਵਿੰਦਰ ਸਿੰਘ ਅਤੇ ਤਿਲਕ ਰਾਜ ਦੇ ਪਰਿਵਾਰਾਂ ਨੂੰ ਚੈੱਕ ਦਿੱਤੇ ਗਏ।
ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਪੁਲਵਾਮਾ ਅਤਿਵਾਦੀ ਹਮਲੇ 'ਚ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਆਰਮੀ ਵੈਲਫ਼ੇਅਰ ਫੰਡ 'ਚੋਂ 20 ਕਰੋੜ ਰੁਪਏ ਦਾਨ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਹਮਲੇ 'ਚ 40 ਸੀਆਰਪੀਐਫ਼ ਜਵਾਨ ਸ਼ਹੀਦ ਹੋ ਗਏ ਸਨ।
ਮਿਲੀ ਜਾਣਕਾਰੀ ਮੁਤਾਬਕ ਬੀਸੀਸੀਆਈ ਦੇ ਅਧਿਕਾਰੀ ਭਾਰਤੀ ਫ਼ੌਜ (ਥਲ, ਹਵਾਈ ਤੇ ਸਮੁੰਦਰੀ) ਦੇ ਸੀਨੀਅਰ ਅਧਿਕਾਰੀਆਂ ਨੂੰ 23 ਮਾਰਚ ਨੂੰ ਚੇਨਈ 'ਚ ਆਈ.ਪੀ.ਐਲ. ਦੇ ਸ਼ੁਰੂਆਤੀ ਮੈਚ ਵਾਲੇ ਦਿਨ ਸੱਦਾ ਦੇਣ ਦੀ ਯੋਜਨਾ ਬਣਾ ਰਹੇ ਹਨ।