ਵਿਸ਼ਵ ਕ੍ਰਿਕਟ ਕੱਪ: ਆਸਟਰੇਲੀਆ ਤੇ ਬੰਗਲਾਦੇਸ਼ ਦਾ ਮੁਕਾਬਲਾ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬੰਗਲਾਦੇਸ਼ ਵਿਰੁਧ ਮੈਚ 'ਚ ਸ਼ਾਕਿਬ ਤੋਂ ਚੌਕਸ ਰਹੇਗੀ ਆਸਟਰੇਲੀਆਈ ਟੀਮ: ਕੋਚ

Australia vs Bangladesh Match

ਨਾਟਿੰਘਮ: ਪੰਜ ਵਾਰ ਦੀ ਚੈਂਪੀਅਨ ਆਸਟਰੇਲੀਆ ਦੀ ਟੀਮ ਅੱਜ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਮੁਕਾਬਲੇ ਵਿਚ ਬੰਗਲਾਦੇਸ਼ ਵਿਰੁਧ ਮੈਚ ਵਿਚ ਜਿੱਤ ਦਾ ਸਿਲਸਲਾ ਜਾਰੀ ਰਖਦੇ ਹੋਏ ਸੈਮੀਫ਼ਾਈਨਲ ਦੇ ਨੇੜੇ ਪਹੁੰਚਣਾ ਚਾਹੇਗੀ। ਆਰੋਨ ਫ਼ਿੰਚ ਦੀ ਅਗਵਾਈ ਵਾਲੀ ਆਸਟਰੇਲੀਅਨ ਟੀਮ (0.812) ਨੈਟ ਰਨ ਰੇਟ ਦੇ ਆਧਾਰ 'ਤੇ ਸਿਖ਼ਰ 'ਤੇ ਚੱਲ ਰਹੀ ਇੰਗਲੈਂਡ (1.862) ਨਾਲੋਂ ਪਿੱਛੇ ਹੈ, ਹਾਲਾਂਕਿ ਦੋਹਾਂ ਦੇ ਪੰਜ ਮੈਚਾਂ ਵਿਚ ਅੱਠ-ਅੱਠ ਅੰਕ ਹਨ। ਪੱਕੇ ਦਾਵੇਦਾਰਾਂ ਵਿਚ ਸ਼ਾਮਲ ਆਸਟਰੇਲੀਆਈ ਟੀਮ ਹਮੇਸ਼ਾਂ ਵਿਸ਼ਵ ਕੱਪ ਵਿਚ ਦਬਦਬਾ ਬਣਾਉਂਦੀ ਆਈ ਹੈ ਅਤੇ ਇਸ ਵਾਰ ਵੀ ਕੁਝ ਅਲਗ ਨਹੀਂ ਹੋ ਰਿਹਾ। ਉਸ ਨੇ ਹੁਣ ਤਕ ਪੰਜ ਮੈਚਾਂ 'ਚੋਂ ਸਿਰਫ਼ ਭਾਤਰ ਵਿਰੁਧ ਇਕ ਮੁਕਾਬਲਾ ਹਾਰਿਆ ਹੈ।

ਕਪਤਾਨ ਮਸ਼ਰਫ਼ੀ ਮੁਰਤਜ਼ਾ ਦੀ ਬੰਗਲਾਦੇਸ਼ ਨੇ ਹੁਣ ਤਕ ਵਿਸ਼ਵ ਕੱਪ ਵਿਚ ਚੰਗਾ ਪ੍ਰਦਾਰਸ਼ਨ ਕੀਤਾ ਹੈ ਪਰ ਆਸਟਰੇਲੀਆ ਵਿਰੁਧ ਜੇਕਰ ਉਸ ਨੂੰ ਵਿਸ਼ਵ ਕੱਪ ਮੈਚ ਵਿਚ ਉਲਟਫੇਰ ਦੀ ਉਮੀਦ ਕਰਨੀ ਹੈ ਤਾਂ ਉਸ ਦੇ ਖਿਡਾਰੀਆਂ ਨੂੰ ਸਾਰੇ ਖੇਤਰਾਂ ਵਿਚ ਅਪਣਾ ਸੌ ਫ਼ੀ ਸਦੀ ਪ੍ਰਦਰਸ਼ਨ ਕਰਨਾ ਹਵੇਗਾ। ਆਸਟਰੇਲੀਆ ਲਈ ਚੰਗੀ ਖ਼ਬਰ ਹੈ ਕਿ ਮਾਰਕਸ ਸਟੋਈਨ ਜ਼ਖ਼ਮੀ ਹੋਣ ਤੋਂ ਬਾਅਦ ਵਾਪਸੀ ਕਰ ਚੁੱਕੇ ਹਨ, ਭਾਵੇਂ ਬੰਗਲਾਦੇਸ਼ ਵਿਰੁਧ ਉਨ੍ਹਾਂ ਦਾ ਖੇਡਣਾ ਸ਼ੱਕੀ ਹੈ। ਆਸਟਰੇਲੀਆ ਦੇ ਸਹਾਇਕ ਕੋਚ ਬਰੈਡ ਹੈਡਿਨ ਦਾ ਮੰਨਣਾ ਹੈ ਕਿ ਹੁਣ ਤਕ ਟੀਮ ਟੂਰਨਾਮੈਂਟ ਵਿਚ ਅਪਣਾ ਚੋਟੀ ਦਾ ਪ੍ਰਦਰਸ਼ਨ ਨਹੀ ਦਿਖਾ ਸਕੀ ਹੈ। ਜਦੋਂਕਿ ਮਿਸ਼ਲ ਸਟਾਰਕ ਅਤੇ ਪੈਟ ਕਮਿਸ ਵਿਰੋਧੀ ਟੀਮਾਂ ਲਈ ਖ਼ਤਰਨਾਕ ਸਾਬਤ ਹੋ ਰਹੇ ਹਨ।

 ਆਰੋਨ ਫ਼ਿੰਚ ਅਤੇ ਡੇਵਿਡ ਵਾਰਨਰ ਜਿਥੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿਵਾ ਰਹੇ ਹਨ ਤਾਂ ਮੱਧ ਕ੍ਰਮ ਵਿਚ ਸਟੀਵ ਸਮਿਥ ਮੌਜੂਦ ਹਨ। ਬੰਗਲਾਦੇਸ਼ ਦੀ ਟੀਮ ਹੁਣ ਤਕ ਪੰਜ ਵਿਚੋਂ ਦੋ ਮੈਚ ਗਵਾ ਚੁੱਕੀ ਹੈ ਤਾਂ ਦੋ ਮੈਚ ਜਿੱਤ ਵੀ ਚੁੱਕੀ ਹੈ ਜਿਸ ਵਿਚ ਉਸ ਨੇ ਕਿਤੇ ਵਧੀਆ ਪ੍ਰਦਰਸ਼ਨ ਕੀਤਾ। ਉਥੇ ਨਿਊਜ਼ੀਲੈਂਡ ਵਿਰੁਧ ਮੁਕਾਬਲੇ ਵਿਚ ਤਾਂ ਚੰਗੀ ਟੱਕਰ ਦੇ ਕਰੀਬੀ ਮੁਕਾਬਲੇ ਵਿਚ ਹਾਰੀ ਸੀ। ਸੋਮਵਾਰ ਨੂੰ ਉਸ ਨੇ ਵੈਸਟਇੰਡੀਜ਼ ਵਿਰੁਧ ਆਸਾਨੀ ਨਾਲ 322 ਦੌੜਾਂ ਦਾ ਟੀਚਾ ਹਾਸਲ ਕਰ ਲਿਆ ਅਤੇ ਆਸਟਰੇਲੀਆ ਵਿਰੁਧ ਥੋੜੀ ਜਿਹੀ ਉਮੀਦ ਲਗਾਉਣ ਲਈ ਉਸ ਨੂੰ ਅਜਿਹੇ ਪ੍ਰਦਰਸ਼ਨ ਨੂੰ ਦੁਬਾਰਾ ਦੁਹਰਾਉਣਾ ਹੋਵੇਗਾ।

ਹਰਫ਼ਨਮੌਲਾ ਸ਼ਾਕਿਬ ਅਲ ਹਸਨ ਨੇ ਇਸ ਮੈਚ ਵਿਚ 124 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ। ਸ਼ਾਕਿਬ ਸ਼ਾਨਦਾਰ ਲੈਅ ਵਿਚ ਹਨ ਅਤੇ ਉਹ ਲਗਾਤਾਰ ਦੋ ਸੈਂਕੜੇ ਲਗਾ ਚੁੱਕਾ ਹੈ ਅਤੇ ਦੋ ਸਾਲ ਪਹਿਲਾਂ ਬੰਗਲਾਦੇਸ਼ ਦੀ ਆਸਟਰੇਲੀਆ 'ਤੇ 10 ਵਿਕਟਾਂ ਦੀ ਇਤਹਾਸਕ ਟੈਸਟ ਜਿੱਤ ਵਿਚ ਉਨ੍ਹਾਂ ਨੇ ਹੀ ਅਹਮਿ ਭੂਮਿਕਾ ਨਿਭਾਈ ਸੀ। ਆਸਟਰੇਲੀਆਈ ਕੋਚ ਨੇ ਮੰਨਿਆ ਕਿ ਉਨ੍ਹਾਂ ਨੂੰ ਸ਼ਾਕਿਬ ਨਾਲ ਨਜਿਠਣਾ ਹੋਵੇਗਾ।