ਵਿਸ਼ਵ ਕੱਪ 2019 : ਵਿਜੇ ਸ਼ੰਕਰ ਦੇ ਨੈੱਟ ਅਭਿਆਸ ਦੌਰਾਨ ਲੱਗੀ ਸੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟੀਮ ਦੇ ਸੂਤਰ ਨੇ ਕਿਹਾ - ਫਿਕਰ ਕਰਨ ਦੀ ਕੋਈ ਗੱਲ ਨਹੀਂ

ICC World Cup 2019: Vijay Shankar suffers injury scare

ਸਾਊਥਮਪਟਨ : ਭਾਰਤੀ ਟੀਮ ਦੇ ਹਰਫ਼ਨਮੌਲਾ ਖਿਡਾਰੀ ਵਿਜੇ ਸ਼ੰਕਰ ਦੇ ਬੁਧਵਾਰ ਨੂੰ ਅਭਿਆਸ ਦੌਰਾਨ ਪੈਰ ਦੇ ਅੰਗੂਠੇ 'ਚ ਗੇਂਦ ਲਗ ਗਈ। ਜਸਪ੍ਰੀਤ ਬੁਮਰਾਹ ਦੀ ਗੇਂਦ ਟ੍ਰੇਨਿੰਗ ਸੈਸ਼ਨ ਦੇ ਦੌਰਾਨ ਵਿਜੇ ਸ਼ੰਕਰ ਦੇ ਪੈਰ 'ਚ ਲੱਗੀ ਅਤੇ ਉਹ ਦਰਦ ਨਾਲ ਤੜਫ ਉੱਠੇ। ਟੀਮ ਦੇ ਸੂਤਰ ਨੇ ਹਾਲਾਂਕਿ ਪੱਤਰਕਾਰਾਂ ਨੂੰ ਕਿਹਾ ਕਿ ਅਜੇ ਇਸ 'ਤੇ ਫਿਕਰ ਕਰਨ ਦੀ ਕੋਈ ਗੱਲ ਨਹੀਂ ਹੈ। ਸੂਤਰ ਨੇ ਕਿਹਾ, ''ਹਾਂ ਵਿਜੇ ਨੂੰ ਦਰਦ ਹੋਇਆ ਸੀ ਪਰ ਇਹ ਸ਼ਾਮ ਤਕ ਠੀਕ ਹੋ ਗਿਆ। ਉਮੀਦ ਕਰਦੇ ਹਾਂ ਕਿ ਕੁਝ ਵੀ ਪਰੇਸ਼ਾਨੀ ਵਾਲਾ ਨਹੀਂ ਹੈ।''

ਸ਼ੰਕਰ ਭਾਰਤੀ ਬੱਲੇਬਾਜ਼ੀ ਕ੍ਰਮ 'ਚ ਚੌਥੇ ਨੰਬਰ 'ਤੇ ਬੱਲੇਬਾਜ਼ ਦੇ ਤੌਰ 'ਤੇ ਚੁਣੇ ਗਏ ਹਨ ਪਰ ਉਨ੍ਹਾਂ ਨੂੰ ਕਿਸੇ ਵੀ ਸਥਾਨ 'ਤੇ ਇਸਤੇਮਾਲ ਕੀਤਾ ਜਾਂਦਾ ਹੈ। ਸ਼ੰਕਰ ਮੱਧਮ ਰਫ਼ਤਾਰ ਦੇ ਗੇਂਦਬਾਜ਼ ਵੀ ਹਨ, ਜਿਨ੍ਹਾਂ ਨੂੰ ਪਾਕਿ ਵਿਰੁਧ ਕਪਤਾਨ ਸਰਫ਼ਰਾਜ਼ ਅਹਿਮਦ ਸਮੇਤ ਦੋ ਵਿਕਟ ਮਿਲੇ ਸਨ। ਸ਼ਿਖਰ ਧਵਨ ਅੰਗੂਠੇ ਦੇ ਫ਼੍ਰੈਕਚਰ ਕਾਰਨ ਪਹਿਲੇ ਹੀ ਵਿਸ਼ਵ ਕੱਪ 'ਚੋਂ ਬਾਹਰ ਹੋ ਗਏ ਅਤੇ ਭੁਵਨੇਸ਼ਵਰ ਕੁਮਾਰ ਵੀ ਹੈਮਸਟ੍ਰਿੰਗ ਸਟੇਨ ਕਾਰਨ ਦੋ ਮੈਚ ਤੋਂ ਬਾਹਰ ਹੋ ਗਏ ਹਨ।

ਸ਼ੰਕਰ ਦੀ ਸੱਟ ਨਾਲ ਟੀਮ ਪ੍ਰਬੰਧਨ ਦੀਆਂ ਮੁਸ਼ਕਲਾਂ ਵਧਣਗੀਆਂ ਹੀ। ਅਜੇ ਭੁਵਨੇਸ਼ਵਰ ਅੱਠ ਦਿਨ ਤਕ ਗੇਂਦਬਾਜ਼ੀ ਨਹੀਂ ਕਰਨਗੇ ਅਤੇ ਬਰਮਿੰਘਮ 'ਚ 30 ਜੂਨ ਨੂੰ ਇੰਗਲੈਂਡ ਵਿਰੁਧ ਮੈਚ ਲਈ ਦੌੜ 'ਚ ਆਉਣਗੇ। ਟੀਮ ਪ੍ਰਬੰਧਨ ਨੂੰ ਭਰੋਸਾ ਹੈ ਕਿ ਭੁਵਨੇਸ਼ਵਰ ਟੂਰਨਾਮੈਂਟ ਦੇ ਅੰਤ 'ਚ ਉਪਲਬਧ ਹੋਵੇਗਾ।