ਵਿਸ਼ਵ ਕੱਪ 2019 : ਧਵਨ ਦੇ ਦਰਦ ਨੂੰ ਮਹਿਸੂਸ ਕਰ ਰਿਹਾ ਹਾਂ, ਪੰਤ ਨੂੰ ਸ਼ੁਭਕਾਮਨਾਵਾਂ : ਤੇਂਦੁਲਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਧਵਨ ਨੂੰ 9 ਜੂਨ ਨੂੰ ਲੰਦਨ 'ਚ ਆਸਟਰੇਲੀਆ ਵਿਰੁਧ ਮੈਚ ਦੌਰਾਨ ਖੱਬੇ ਹੱਥ ਦੇ ਅੰਗੂਠੇ 'ਚ ਸੱਟ ਲੱਗੀ ਸੀ

World Cup 2019: Feel for you Shikhar Dhawan, says Sachin Tendulkar

ਸਾਊਥੰਪਟਨ : ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਸੱਟ ਕਾਰਨ ਭਾਰਤ ਦੀ ਵਿਸ਼ਵ ਕੱਪ 2019 ਟੀਮ 'ਚੋਂ ਬਾਹਰ ਹੋਣ ਵਾਲੇ ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ ਦੇ ਦਰਦ ਨੂੰ ਮਹਿਸੂਸ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਉਮੀਦ ਜਤਾਈ ਕਿ ਧਵਨ ਦੀ ਥਾਂ ਟੀਮ 'ਚ ਸ਼ਾਮਲ ਰਿਸ਼ਭ ਪੰਤ ਚੰਗੀ ਬੱਲੇਬਾਜ਼ੀ ਕਰਨਗੇ।

ਧਵਨ ਅੰਗੂਠੇ 'ਚ ਫ਼ੈਕਚਰ ਕਾਰਨ ਮੌਜੂਦਾ ਵਿਸ਼ਵ ਕੱਪ 'ਚੋਂ ਬਾਹਰ ਹੋ ਗਏ ਅਤੇ ਉਨ੍ਹਾਂ ਦੀ ਥਾਂ ਨੌਜੁਆਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ 'ਚ ਥਾਂ ਦਿਤੀ ਗਈ। ਧਵਨ ਨੂੰ 9 ਜੂਨ ਨੂੰ ਲੰਦਨ 'ਚ ਆਸਟਰੇਲੀਆ ਵਿਰੁਧ ਮੈਚ ਦੌਰਾਨ ਖੱਬੇ ਹੱਥ ਦੇ ਅੰਗੂਠੇ 'ਚ ਸੱਟ ਲੱਗ ਗਈ ਸੀ। ਇਸ ਮੈਚ 'ਚ ਉਨ੍ਹਾਂ ਸੈਂਕੜੇ ਵਾਲੀ ਪਾਰੀ ਖੇਡ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ।

ਤੇਂਦੁਲਕਰ ਨੇ ਟਵੀਟ ਕੀਤਾ, ''ਤੁਹਾਡਾ ਦਰਦ ਸਮਝ ਸਕਦਾ ਹਾਂ ਧਵਨ। ਤੁਸੀਂ ਚੰਗਾ ਖੇਡ ਰਹੇ ਹੋ ਅਤੇ ਇੰਨੇ ਵੱਡੇ ਟੂਰਨਾਮੈਂਟ ਦੇ ਵਿਚਾਲੇ ਸੱਟ ਦਾ ਸ਼ਿਕਾਰ ਹੋਣਾ ਦਿਲ ਦੁਖਾਉਣ ਵਾਲਾ ਹੁੰਦਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਮਜ਼ਬੂਤੀ ਨਾਲ ਵਾਪਸੀ ਕਰੋਗੇ।'' ਧਵਨ ਦੀ ਥਾਂ ਟੀਮ 'ਚ 21 ਸਾਲ ਦੇ ਵਿਕਟਕੀਪਰ ਬੱਲੇਬਾਜ਼ ਪੰਤ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੇ ਇੰਗਲੈਂਡ ਅਤੇ ਆਸਟਰੇਲੀਆ ਦੇ ਆਪਣੇ ਪਹਿਲੇ ਦੌਰੇ 'ਤੇ ਟੈਸਟ 'ਚ ਸੈਂਕੜੇ ਵਾਲੀਆਂ ਪਾਰੀਆਂ ਖੇਡ ਕੇ ਪ੍ਰਭਾਵਤ ਕੀਤਾ ਸੀ।

ਤੇਂਦੁਲਕਰ ਨੇ ਟਵੀਟ ਕੀਤਾ, ''ਰਿਸ਼ਭ ਤੁਸੀਂ ਚੰਗਾ ਖੇਡ ਰਹੇ ਹੋ ਅਤੇ ਖ਼ੁਦ ਦੀ ਪ੍ਰਤਿਭਾ ਨੂੰ ਦਿਖਾਉਣ ਲਈ ਇਸ ਤੋਂ ਵੱਡਾ ਮੰਚ ਨਹੀਂ ਹੋ ਸਕਦਾ। ਸ਼ੁਭਕਾਮਨਾਵਾਂ।'' ਭਾਰਤੀ ਟੀਮ ਦਾ ਅਗਲਾ ਮੈਚ ਸਨਿਚਰਵਾਰ ਨੂੰ ਅਫ਼ਗ਼ਾਨਿਸਤਾਨ ਨਾਲ ਹੋਵੇਗਾ।