ਵਿਸ਼ਵ ਕੱਪ ਤੋਂ ਪਹਿਲਾਂ ਇੰਗਲੈਂਡ ਨੇ ਆਪਣੀ ਟੀਮ 'ਚ ਕੀਤਾ ਵੱਡਾ ਬਦਲਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇਸ ਧਾਕੜ ਖਿਡਾਰੀ ਨੂੰ ਟੀਮ 'ਚ ਸ਼ਾਮਲ ਕੀਤਾ 

World Cup 2019: Jofra Archer in England team, Denly and Willey miss out

ਲੰਦਨ : ਇੰਗਲੈਂਡ ਨੇ ਵਿਸ਼ਵ ਕੱਪ 2019 ਲਈ ਆਪਣੀ ਫ਼ਾਈਨਲ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਨੇ ਡੇਵਿਡ ਵਿਲੀ ਅਤੇ ਜੋਏ ਡੇਨਲੀ ਦੀ ਥਾਂ ਲਿਓਮ ਡਾਵਸਨ ਅਤੇ ਆਲ ਰਾਊਂਡਰ ਜੋਫ਼ਰਾ ਆਰਚਰ ਨੂੰ ਮੌਕਾ ਦਿੱਤਾ ਹੈ। ਟੀਮ ਦੀ ਕਪਤਾਨੀ ਇਓਨ ਮੋਰਗਨ ਕਰਨਗੇ। ਇੰਗਲੈਂਡ ਦੇ ਮੁੱਖ ਚੋਣ ਕਰਤਾ ਏਡ ਸਮਿਥ ਨੇ ਇਤਿਹਾਸਕ ਲਾਰਡਸ ਦੇ ਮੈਦਾਨ 'ਤੇ ਇਸ ਬਾਰੇ ਐਲਾਨ ਕੀਤਾ। 

ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਇੰਗਲੈਂਡ ਨੇ ਵਿਸ਼ਵ ਕੱਪ ਟੀਮ 'ਚ ਵੈਸਟਇੰਡੀਜ਼ 'ਚ ਜਨਮੇ ਕਿਸੇ ਖਿਡਾਰੀ ਨੂੰ ਸ਼ਾਮਲ ਕੀਤਾ ਹੋਵੇ। ਜੋਫ਼ਰਾ ਆਰਚਰ ਇੰਗਲੈਂਡ ਵੱਲੋਂ 4 ਮੁਕਾਬਲੇ ਖੇਡ ਚੁੱਕੇ ਹਨ। ਇਸ ਦੌਰਾਨ 3 ਇਕ ਰੋਜ਼ਾ ਮੈਚਾਂ 'ਚ ਉਨ੍ਹਾਂ ਨੇ 3 ਅਤੇ ਇਕ ਟੀ20 ਮੈਚ 'ਚ 2 ਵਿਕਟਾਂ ਲਈਆਂ ਹਨ। ਆਈਪੀਐਲ ਮੈਚਾਂ ਦੀ ਗੱਲ ਕਰੀਏ ਤਾਂ ਆਰਚਰ ਨੇ ਇਸ ਵਾਰ ਕੁਲ 26 ਵਿਕਟਾਂ ਲਈਆਂ ਸਨ।

ਇਸ ਦੀ ਘੱਟ ਸੰਭਾਵਾਨ ਹੈ ਕਿ ਲਿਓਮ ਡਾਵਸਨ ਨੂੰ ਅੰਤਮ 11 'ਚ ਥਾਂ ਮਿਲੇ। ਜਦਕਿ ਲਗਾਤਾਰ 90mph ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਨ ਵਾਲੇ ਆਰਚਰ ਯਕੀਨੀ ਤੌਰ 'ਤੇ ਟੀਮ 'ਚ ਸ਼ਾਮਲ ਰਹਿਣਗੇ। ਜ਼ਿਕਰਯੋਗ ਹੈ ਕਿ ਆਈਸੀਸੀ ਨੇ 23 ਮਈ ਤਕ ਸਾਰੇ ਦੇਸ਼ਾਂ ਨੂੰ ਆਪਣੀ ਅੰਤਮ-15 ਮੈਂਬਰੀ ਟੀਮ ਦਾ ਐਲਾਨ ਕਰਨ ਦੀ ਹਦਾਇਤ ਦਿੱਤੀ ਹੈ। 

ਇੰਗਲੈਂਡ ਦੀ ਵਿਸ਼ਵ ਕੱਪ ਲਈ ਟੀਮ :
ਇਯੋਨ ਮੋਰਗਨ (ਕਪਤਾਨ), ਮੋਈਨ ਅਲੀ, ਜੋਨੀ ਬੇਅਰਸਟੋ, ਜੋਸ ਬਟਲਰ, ਟਾਮ ਕਰੇਨ, ਲਿਆਮ ਪਲੰਕੇਟ, ਆਦਿਲ ਰਾਸ਼ਿਦ, ਜੋ ਰੂਟ, ਜੇਸਨ ਰਾਏ, ਬੈਨ ਸਟੋਕਸ,  ਕ੍ਰਿਸ ਵੋਕਸ, ਜੋਫ਼ਰਾ ਆਰਚਰ, ਲਿਓਮ ਡਾਵਸਨ, ਜੇਮਸ ਵਿੰਸ ਅਤੇ ਮਾਕਰ ਵੁਡ।