ਪੰਜਾਬ ਦੀ ਤੀਰਅੰਦਾਜ਼ ਅਵਨੀਤ ਕੌਰ ਨੇ ਵਿਸ਼ਵ ਕੱਪ ਵਿਚ ਜਿਤਿਆ ਕਾਂਸੀ ਦਾ ਤਮਗ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਖੇਡ ਮੰਤਰੀ ਮੀਤ ਹੇਅਰ ਨੇ ਤੀਰਅੰਦਾਜ਼ ਨੂੰ ਦਿਤੀ ਮੁਬਾਰਕਬਾਦ

Archer Avneet Kaur of Punjab won the bronze medal in the World Cup

ਚੰਡੀਗੜ੍ਹ : ਚੀਨ ਦੇ ਸ਼ਹਿਰ ਸ਼ੰਗਾਈ ਵਿਖੇ ਚੱਲ ਰਹੇ ਤੀਰਅੰਦਾਜ਼ੀ ਖੇਡ ਦੇ ਵਿਸ਼ਵ ਕੱਪ ਵਿਚ ਭਾਰਤ ਵਲੋਂ ਖੇਡਦਿਆਂ ਪੰਜਾਬ ਦੀ ਤੀਰਅੰਦਾਜ਼ ਅਵਨੀਤ ਕੌਰ ਨੇ ਕਾਂਸੀ ਦਾ ਤਮਗ਼ਾ ਜਿਤਿਆ। ਅਵਨੀਤ ਨੇ ਵਿਸ਼ਵ ਕੱਪ ਵਿਚ ਮਹਿਲਾ ਵਰਗ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿਚ ਤੀਜੇ ਸਥਾਨ ਵਾਲੇ ਮੈਚ ਵਿਚ ਤੁਰਕੀ ਦੀ ਤੀਰਅੰਦਾਜ਼ ਇਪੇਕ ਤੋਮੁਰਕ ਨੂੰ 147-144 ਨਾਲ ਹਰਾ ਕੇ ਕਾਂਸੀ ਦਾ ਤਮਗ਼ਾ ਜਿਤਿਆ।

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਮਾਣਮੱਤੀ ਪ੍ਰਾਪਤੀ ਉਤੇ ਤੀਰਅੰਦਾਜ਼ ਅਵਨੀਤ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਸ ਨੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਤੀਰਅੰਦਾਜ਼ ਦੀ ਸਖ਼ਤ ਮਿਹਨਤ, ਲਗਨ ਤੇ ਸਮਰਪਣ ਭਾਵਨਾ ਦੇ ਨਾਲ ਉਸ ਦੇ ਕੋਚ ਅਤੇ ਮਾਪਿਆਂ ਸਿਰ ਬੰਨ੍ਹਿਆ। ਖੇਡ ਮੰਤਰੀ ਨੇ ਅਵਨੀਤ ਨੂੰ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਇਸ ਖੇਡ ਵਿੱਚ ਦੇਸ਼ ਦਾ ਭਵਿੱਖ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਅਵਨੀਤ ਹੋਰ ਵੀ ਪ੍ਰਾਪਤੀਆਂ ਕਰੇਗੀ। ਅਵਨੀਤ ਦੀ ਇਹ ਪ੍ਰਾਪਤੀ ਸੂਬੇ ਵਿਚ ਨਵੀਂ ਉਮਰ ਦੇ ਖਿਡਾਰੀਆਂ ਲਈ ਚਾਨਣ ਮੁਨਾਰਾ ਬਣੇਗੀ ਹੈ।

ਇਹ ਵੀ ਪੜ੍ਹੋ: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਗਏ ਪੁਲਿਸ ਮੁਲਾਜ਼ਮ ਦਾ ਦਿਹਾਂਤ

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਮੁੜ ਖੇਡਾਂ ਵਿਚ ਨੰਬਰ ਇਕ ਬਣਾਉਣ ਲਈ ਉਪਰਾਲੇ ਕਰ ਰਹੀ ਹੈ ਅਤੇ ਇਸ ਵਾਰ ਖੇਡਾਂ ਦੇ ਬਜਟ ਵਿਚ ਵੀ 55 ਫ਼ੀ ਸਦੀ ਵਾਧਾ ਕੀਤਾ। ਨਵੀਂ ਖੇਡ ਨੀਤੀ ਵੀ ਜਲਦ ਆ ਰਹੀ ਹੈ

ਬਠਿੰਡਾ ਜ਼ਿਲ੍ਹੇ ਦੇ ਪਿੰਡ ਸਰਦਾਰਗੜ੍ਹ ਦੀ ਰਹਿਣ ਵਾਲੀ ਅਵਨੀਤ ਕੌਰ ਖ਼ਾਲਸਾ ਕਾਲਜ ਪਟਿਆਲਾ ਦੀ ਵਿਦਿਆਰਥਣ ਹੈ। ਵਿਸ਼ਵ ਕੱਪ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ ਉਹ ਸੈਮੀ ਫ਼ਾਈਨਲ ਵਿਚ ਪੁੱਜੀ ਸੀ ਜਿੱਥੇ ਉਹ ਇੰਗਲੈਂਡ ਦੀ ਤੀਰਅੰਦਾਜ਼ ਇਲ ਗਿਬਸਨ ਤੋਂ 144-146 ਨਾਲ ਹਾਰ ਗਈ। ਇਸ ਤੋਂ ਬਾਅਦ ਕਾਂਸੀ ਦੇ ਤਮਗ਼ੇ ਵਾਲੇ ਮੈਚ ਵਿਚ ਉਸ ਨੇ ਤੁਰਕੀ ਦੀ ਤੀਰਅੰਦਾਜ਼ ਨੂੰ ਹਰਾ ਕੇ ਤਮਗ਼ਾ ਜਿਤਿਆ।