ਬੰਗਲਾਦੇਸ਼ੀ ਖਿਡਾਰੀਆਂ ਨੇ ਦਿੱਤੀ ਭਾਰਤ ਦੌਰੇ ਦੇ ਬਾਈਕਾਟ ਦੀ ਧਮਕੀ

ਏਜੰਸੀ

ਖ਼ਬਰਾਂ, ਖੇਡਾਂ

ਬੰਗਲਾਦੇਸ਼ ਦਾ ਭਾਰਤ ਦੌਰਾ 3 ਨਵੰਬਰ ਤੋਂ, 3 ਟੀ20 ਅਤੇ 2 ਟੈਸਟ ਮੈਚ ਖੇਡੇ ਜਾਣਗੇ

Bangladesh cricketers go on strike, question mark on India tour

ਢਾਕਾ : ਬੰਗਲਾਦੇਸ਼-ਭਾਰਤ ਵਿਚਕਾਰ 3 ਟੀ20 ਅਤੇ 2 ਟੈਸਟ ਮੈਚਾਂ ਦੀ ਲੜੀ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਇਸ ਦਾ ਕਾਰਨ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਬੀ.ਸੀ.) ਅਤੇ ਖਿਡਾਰੀਆਂ ਵਿਚਕਾਰ ਵਿਵਾਦ ਹੈ। ਖਿਡਾਰੀਆਂ ਨੇ ਬੋਰਡ ਦੇ ਸਾਹਮਣੇ 11 ਮੰਗਾਂ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਜੇ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਕਿਸੇ ਵੀ ਲੜੀ 'ਚ ਹਿੱਸਾ ਨਹੀਂ ਲੈਣਗੇ। ਬੰਗਲਾਦੇਸ਼ ਦੀ ਟੀਮ ਦਾ ਭਾਰਤ ਦੌਰਾ 3 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ 'ਚ 3 ਟੀ20 ਅਤੇ 2 ਟੈਸਟ ਮੈਚ ਖੇਡੇ ਜਾਣਗੇ। ਬੋਰਡ ਨੇ ਹਾਲ ਹੀ 'ਚ ਇਕ ਆਦੇਸ਼ ਜਾਰੀ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਬੰਗਲਾਦੇਸ਼ ਪ੍ਰੀਮਿਅਰ ਲੀਗ 'ਚ ਹਿੱਸਾ ਲੈਣ ਵਾਲੀ ਹਰੇਕ ਟੀਮ ਵਿਚ ਘੱਟੋ-ਘੱਟ ਇਕ ਲੈਗ ਸਪਿੰਨਰ ਪਲੇਇੰਗ-11 'ਚ ਰੱਖਣ ਹੋਵੇਗਾ। ਇਸ ਆਦੇਸ਼ ਤੋਂ ਬਾਅਦ ਵਿਵਾਦ ਸ਼ੁਰੂ ਹੋਇਆ।

ਬੰਗਲਾਦੇਸ਼ ਦੇ ਕਪਤਾਨ ਸਾਕਿਬ ਅਲ ਹਸਨ ਨੇ ਸੋਮਵਾਰ ਦੁਪਹਿਰ ਇਕ ਪ੍ਰੈਸ ਕਾਨਫ਼ਰੰਸ ਕੀਤੀ। ਉਨ੍ਹਾਂ ਨੇ ਬੀ.ਸੀ.ਬੀ. ਅੱਗੇ ਕੁਲ 11 ਮੰਗਾਂ ਰੱਖੀਆਂ। ਹਸਨ ਨੇ ਕਿਹਾ, "ਬੀ.ਸੀ.ਬੀ. ਜਿਸ ਤਰ੍ਹਾਂ ਦਾ ਵਤੀਰਾ ਕਰ ਰਿਹਾ ਹੈ, ਉਸ ਨਾਲ ਕ੍ਰਿਕਟਰਾਂ 'ਤੇ ਦਬਾਅ ਵਧੇਗਾ। ਇਸ ਦਾ ਅਸਰ ਖੇਡ 'ਤੇ ਵੀ ਪਵੇਗਾ। ਅਸੀ ਕਈ ਸਾਲ ਤੋਂ ਬਗੈਰ ਕਿਸੇ ਲੈਗ ਸਪਿੰਨਰ ਦੇ ਸੀਨੀਅਰ ਟੀਮ ਖਿਡਾ ਰਹੇ ਹਾਂ। ਅਚਾਨਕ ਬੋਰਡ ਕਹਿੰਦਾ ਹੈ ਕੀ ਬੀਪੀਐਲ ਦੀਆਂ 7 ਟੀਮਾਂ 'ਚ ਲੈਗ ਸਪਿੰਨਰ ਹੋਣਾ ਚਾਹੀਦਾ ਹੈ।"

ਸ਼ਾਕਿਬ ਨੇ ਕਿਹਾ, "ਮੇਰੇ ਹਿਸਾਬ ਨਾਲ ਕਿਸੇ ਵੀ ਲੈਗ ਸਪਿੰਨਰ ਨੂੰ ਬਿਹਤਰ ਤੇ ਕਾਰਗਰ ਬਣਨ ਲਈ ਘਰੇਲੂ ਕ੍ਰਿਕਟ 'ਚ ਲੰਮੀ ਗੇਂਦਬਾਜ਼ੀ ਕਰਨੀ ਚਾਹੀਦੀ ਹੈ। ਬੀਪੀਐਲ ਇੰਟਰਨੈਸ਼ਨਲ ਪਧਰੀ ਟੂਰਨਾਮੈਂਟ ਹੈ। ਇਥੇ ਉਹੀ ਹਾਲਾਤ ਹੁੰਦੇ ਹਨ, ਜੋ ਤੁਸੀ ਕੌਮਾਂਤਰੀ ਕ੍ਰਿਕਟ 'ਚ ਵੇਖਦੇ ਹੋ। ਇਥੇ ਵਿਦੇਸ਼ੀ ਕ੍ਰਿਕਟਰ ਵੀ ਆਉਂਦੇ ਹਨ।"