ਕੁੰਭ ਤੋਂ ਸਿਆਸੀ ਲਾਹਾ ਲੈਣ ਦੀ ਤਾਕ 'ਚ ਮੋਦੀ ਸਰਕਾਰ, ਸਾਧੂ-ਸੰਤਾਂ ਨੂੰ ਪੈਨਸ਼ਨ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਪਣੀ ਜਿੱਤ ਨੂੰ ਮੁੜ ਤੋਂ ਯਕੀਨੀ ਬਣਾਉਣ ਲਈ ਮੋਦੀ ਸਰਕਾਰ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਹੁਣ ਉਸ ਨੇ ਉਤਰ ਪ੍ਰਦੇਸ਼ ਦੀ...

Sant

ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਪਣੀ ਜਿੱਤ ਨੂੰ ਮੁੜ ਤੋਂ ਯਕੀਨੀ ਬਣਾਉਣ ਲਈ ਮੋਦੀ ਸਰਕਾਰ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਹੁਣ ਉਸ ਨੇ ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਜ਼ਰੀਏ ਸਾਧੂ ਸੰਤਾਂ ਨੂੰ ਪੈਨਸ਼ਨ ਦੇਣ ਦਾ ਵੱਡਾ ਐਲਾਨ ਕੀਤਾ ਹੈ। ਵਿਰੋਧੀਆਂ ਨੇ ਯੋਗੀ ਸਰਕਾਰ ਦੇ ਇਸ ਫ਼ੈਸਲੇ 'ਤੇ ਤਿੱਖੀ ਬਿਆਨਬਾਜ਼ੀ ਕਰਦਿਆਂ ਆਖਿਆ ਹੈ ਕਿ ਲੋਕਾਂ ਨੂੰ ਬੁਢਾਪਾ ਪੈਨਸ਼ਨ,

ਅੰਗਹੀਣ ਪੈਨਸ਼ਨ, ਵਿਧਵਾ ਪੈਨਸ਼ਨ ਤਾਂ ਸਰਕਾਰ ਠੀਕ ਢੰਗ ਨਾਲ ਦੇ ਨਹੀਂ ਪਾ ਰਹੀ, ਪਰ ਵੋਟਾਂ ਲੈਣ ਲਈ ਹੁਣ ਸਾਧਾਂ ਨੂੰ ਪੈਨਸ਼ਨ ਦੇਣ ਜਾ ਰਹੀ ਹੈ। ਇਸ ਐਲਾਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਯੋਗੀ ਸਰਕਾਰ 'ਤੇ ਤੰਜ਼ ਕਸਦਿਆਂ ਆਖਿਆ ਹੈ ਕਿ ਇਸ ਯੋਜਨਾ ਤਹਿਤ ਰਾਮ, ਸੀਤਾ ਤੇ ਰਾਵਣ ਨੂੰ ਵੀ ਪੈਨਸ਼ਨ ਦੇ ਦੇਣੀ ਚਾਹੀਦੀ ਹੈ।

ਉਧਰ ਯੋਗੀ ਸਰਕਾਰ ਨੇ ਕੈਬਨਿਟ ਦੀ ਅਗਲੀ ਮੀਟਿੰਗ ਵੀ ਕੁੰਭ ਵਿਚ ਕਰਨ ਦਾ ਫ਼ੈਸਲਾ ਲਿਆ ਹੈ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਸੂਬਾ ਸਰਕਾਰ ਕੈਬਨਿਟ ਦੀ ਕੋਈ ਮੀਟਿੰਗ ਲਖਨਊ ਤੋਂ ਬਾਹਰ ਕਰੇਗੀ। ਦਰਅਸਲ ਇਸ ਵਾਰ ਫਿਰ ਮੋਦੀ ਸਰਕਾਰ ਅਪਣੇ ਹਿੰਦੂਤਵ ਏਜੰਡੇ ਨੂੰ ਲੈ ਕੇ ਚੱਲ ਰਹੀ ਹੈ। ਅਜਿਹੇ ਵਿਚ ਪ੍ਰਯਾਗਰਾਜ ਵਿਚ ਚੱਲ ਰਿਹਾ ਕੁੰਭ ਦਾ ਮੇਲਾ ਮੋਦੀ ਸਰਕਾਰ ਲਈ ਵੱਡਾ ਮੌਕਾ ਹੈ, ਜਿਸ ਨੂੰ ਉਹ ਕਿਸੇ ਹਾਲਤ ਵਿਚ ਗੁਆਉਣਾ ਨਹੀਂ ਚਾਹੁੰਦੀ।

ਸਾਧੂ-ਸੰਤਾਂ ਨੂੰ ਪੈਨਸ਼ਨ ਦੇਣ ਦਾ ਐਲਾਨ ਕਰਨਾ ਵੀ ਸਰਕਾਰ ਦੀ ਵੋਟਾਂ ਬਟੋਰਨ ਦੀ ਨੀਤੀ ਦਾ ਹਿੱਸਾ ਹੈ, ਪਰ ਭਾਜਪਾ ਨੂੰ ਇਸ ਦਾ ਕਿੰਨਾ ਫ਼ਾਇਦਾ ਹੋਵੇਗਾ। ਇਹ ਤਾਂ ਲੋਕ ਸਭਾ ਚੋਣਾਂ ਦੌਰਾਨ ਹੀ ਪਤਾ ਚੱਲ ਸਕੇਗਾ।