ਸੁਲਤਾਨ ਅਜਲਾਨ ਸ਼ਾਹ : ਭਾਰਤ ਨੇ ਜਾਪਾਨ ਨੂੰ 2-0 ਨਾਲ ਹਰਾਇਆ
ਭਾਰਤੀ ਟੀਮ ਦਾ ਦੂਜਾ ਮੁਕਾਬਲਾ ਭਲਕੇ ਐਤਵਾਰ ਨੂੰ ਦੱਖਣ ਕੋਰੀਆ ਨਾਲ ਹੋਵੇਗਾ
ਇਪੋਹ (ਮਲੇਸ਼ੀਆ) : ਭਾਰਤ ਨੇ ਸੁਲਤਾਨ ਅਜਲਾਨ ਸ਼ਾਹ ਕੱਪ ਦੇ ਪਹਿਲੇ ਮੈਚ 'ਚ ਏਸ਼ੀਆਈ ਚੈਂਪੀਅਨ ਜਾਪਾਨ ਨੂੰ ਹਰਾ ਦਿੱਤਾ। ਇਸ ਮੈਚ 'ਚ ਭਾਰਤੀ ਹਾਕੀ ਟੀਮ ਨੇ 2-0 ਨਾਲ ਜਿੱਤ ਦਰਜ ਕੀਤੀ। ਭਾਰਤ ਲਈ ਪਹਿਲਾ ਗੋਲ ਵਰੁਣ ਕੁਮਾਰ ਨੇ 24ਵੇਂ ਮਿੰਟ 'ਚ ਪੈਨਲਟੀ ਕਾਰਨਰ ਨਾਲ ਕੀਤਾ। ਇਸ ਮਗਰੋਂ 55ਵੇਂ ਮਿੰਟ 'ਚ ਸਿਮਰਨਜੀਤ ਸਿੰਘ ਨੇ ਗੋਲ ਕਰ ਕੇ ਟੀਮ ਨੂੰ 2-0 ਨਾਲ ਜਿੱਤ ਦਿਵਾ ਦਿੱਤੀ। ਭਾਰਤੀ ਟੀਮ ਆਪਣਾ ਦੂਜਾ ਮੁਕਾਬਲਾ ਐਤਵਾਰ ਨੂੰ ਦੱਖਣ ਕੋਰੀਆ ਨਾਲ ਖੇਡੇਗੀ।
ਭਾਰਤ ਲਈ ਇਹ ਮੁਕਾਬਲਾ ਵੱਡੀ ਚੁਣੌਤੀ ਵਾਲਾ ਸੀ, ਕਿਉਂਕਿ ਜਾਪਾਨ ਦੀ ਟੀਮ ਕਾਫ਼ੀ ਮਜ਼ਬੂਤ ਮੰਨੀ ਜਾ ਰਹੀ ਹੈ। ਦੋਨਾਂ ਟੀਮਾਂ ਵਿਚਕਾਰ ਸ਼ੁਰੂਆਤ ਤੋਂ ਹੀ ਮੁਕਾਬਲਾ ਕਾਫ਼ੀ ਰੋਮਾਂਚਕ ਰਿਹਾ। ਭਾਰਤੀ ਟੀਮ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਰੁੱਖ ਅਪਣਾਇਆ ਅਤੇ ਜਾਪਾਨ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪਹਿਲੇ ਕੁਆਰਟਰ 'ਚ ਦੋਵੇਂ ਟੀਮਾਂ ਗੋਲ ਕਰਨ 'ਚ ਕਾਮਯਾਬ ਨਾ ਹੋਈਆਂ।
ਭਾਰਤ ਨੇ ਦੂਜੇ ਕੁਆਰਟਰ ਦੇ 24ਵੇਂ ਮਿੰਟ 'ਚ ਪੈਨਲਟੀ ਕਾਰਨਰ ਨੂੰ ਗੋਲ 'ਚ ਤਬਦੀਲ ਕਰ ਦਿੱਤਾ। ਤੀਜੇ ਕੁਆਰਟਰ 'ਚ ਦੋਵੇਂ ਟੀਮਾਂ ਕੋਈ ਗੋਲ ਨਾ ਕਰ ਸਕੀਆਂ। ਚੌਥੇ ਕੁਆਰਟਰ ਦੇ 56ਵੇਂ ਮਿੰਟ 'ਚ ਸਿਮਰਨਜੀਤ ਸਿੰਘ ਨੇ ਸ਼ਾਨਦਾਰ ਗੋਲ ਕਰਦਿਆਂ ਜਾਪਾਨੀ ਟੀਮ ਦੀਆਂ ਉਮੀਦਾਂ ਤੋੜ ਦਿੱਤੀਆਂ ਅਤੇ 2-0 ਨਾਲ ਭਾਰਤੀ ਟੀਮ ਨੇ ਜਿੱਤ ਦਰਜ ਕੀਤੀ।