ਵਿੰਡੀਜ਼ ਦੌਰੇ ਲਈ ਟੈਸਟ ਅਤੇ ਵਨਡੇ ਟੀਮ ਦਾ ਐਲਾਨ: ਪੁਜਾਰਾ ਹੋਏ ਬਾਹਰ, ਯਸ਼ਸਵੀ ਜੈਸਵਾਲ ਨੂੰ ਮਿਲੀ ਥਾਂ
ਅਜਿੰਕਿਆ ਰਹਾਣੇ ਨੂੰ ਬਣਾਇਆ ਗਿਆ ਉਪ-ਕਪਤਾਨ
ਨਵੀਂ ਦਿੱਲੀ: ਅਗਲੇ ਮਹੀਨੇ ਵਿੰਡੀਜ਼ 'ਚ ਹੋਣ ਵਾਲੀ ਟੈਸਟ ਅਤੇ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿਤਾ ਗਿਆ ਹੈ। ਦੋਵੇਂ ਟੀਮਾਂ ਦੀ ਕਪਤਾਨੀ ਕਪਤਾਨ ਰੋਹਿਤ ਸ਼ਰਮਾ ਕਰਨਗੇ। ਟੈਸਟ ਟੀਮ 'ਚ ਪਹਿਲੀ ਵਾਰ ਘਰੇਲੂ ਕ੍ਰਿਕਟ ਅਤੇ ਆਈ.ਪੀ.ਐਲ. 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਯਸ਼ਸਵੀ ਜੈਸਵਾਲ ਨੂੰ ਜਗ੍ਹਾ ਮਿਲੀ ਹੈ, ਜਦਕਿ ਪੁਜਾਰਾ ਨੂੰ ਟੀਮ 'ਚੋਂ ਬਾਹਰ ਕਰ ਦਿਤਾ ਗਿਆ ਹੈ।
ਚੋਣਕਾਰਾਂ ਨੇ ਪੁਜਾਰਾ ਨੂੰ ਇਸ ਦੌਰੇ ਤੋਂ ਬਾਹਰ ਰੱਖ ਕੇ ਭਵਿੱਖ ਦੀ ਨੀਤੀ ਦਾ ਐਲਾਨ ਕੀਤਾ ਹੈ ਪਰ ਹਾਲ ਹੀ ਵਿਚ ਡਬਲਿਊਟੀਸੀ ਫਾਈਨਲ ਵਿਚ ਸਰਵੋਤਮ ਬੱਲੇਬਾਜ਼ ਰਹੇ ਅਜਿੰਕਿਆ ਰਹਾਣੇ ਨੂੰ ਟੈਸਟ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਸੱਟ ਤੋਂ ਉਭਰ ਰਹੇ ਕੇਐਲ ਰਾਹੁਲ ਵੀ ਦੋਵਾਂ ਟੀਮਾਂ 'ਚੋਂ ਕਿਸੇ ਦਾ ਹਿੱਸਾ ਨਹੀਂ ਹਨ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੂੰ ਦੋਵਾਂ ਟੀਮਾਂ 'ਚ ਜਗ੍ਹਾ ਮਿਲੀ ਹੈ, ਜਦਕਿ ਉਮਰਾਨ ਮਲਿਕ ਨੂੰ ਵਨਡੇ ਟੀਮ 'ਚ ਜਗ੍ਹਾ ਦਿਤੀ ਗਈ ਹੈ।
ਟੈਸਟ ਟੀਮ ਵਿਚ ਹਨ ਇਹ ਖਿਡਾਰੀ
ਟੈਸਟ ਟੀਮ ਵਿਚ ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਰਿਤੂਰਾਜ ਗਾਇਕਵਾੜ, ਵਿਰਾਟ ਕੋਹਲੀ, ਯਸ਼ਸਵੀ ਜੈਸਵਾਲ, ਅਜਿੰਕਿਆ ਰਹਾਣੇ (ਉਪ-ਕਪਤਾਨ), ਕੇ.ਐਸ. ਭਰਤ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਆਰ.ਕੇ. ਅਸ਼ਵਿਨ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਜੈਦੇਵ ਉਨਾਦਕਟ ਅਤੇ ਨਵਦੀਪ ਸੈਣੀ ਨੂੰ ਸ਼ਾਮਲ ਕੀਤਾ ਗਿਆ ਹੈ।
ਵਨਡੇ ਟੀਮ ਵਿਚ ਹਨ ਇਹ ਖਿਡਾਰੀ
ਵਨਡੇ ਟੀਮ ਵਿਚ ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਰਿਤੂਰਾਜ ਗਾਇਕਵਾੜ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ (ਉਪ ਕਪਤਾਨ), ਸ਼ਾਰਦੁਲ ਠਾਕੁਰ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਜੈਦੇਵ ਉਨਾਦਕਟ, ਮੁਹੰਮਦ ਸਿਰਾਜ, ਉਮਰਾਨ ਮਲਿਕ ਅਤੇ ਮੁਕੇਸ਼ ਕੁਮਾਰ ਸ਼ਾਮਲ ਹਨ।