ਜ਼ਿੰਬਾਬਵੇ ਦੇ ਮਹਾਨ ਕ੍ਰਿਕਟਰ ਹੀਥ ਸਟ੍ਰੀਕ ਦੇ ਦੇਹਾਂਤ ਦੀ ਖ਼ਬਰ ਨਿਕਲੀ ਅਫ਼ਵਾਹ
ਦੱਖਣੀ ਅਫਰੀਕਾ 'ਚ ਚੱਲ ਰਿਹਾ ਕੈਂਸਰ ਦਾ ਇਲਾਜ
ਨਵੀਂ ਦਿੱਲੀ: ਜ਼ਿੰਬਾਬਵੇ ਦੇ ਸਾਬਕਾ ਆਲਰਾਊਂਡਰ ਹੀਥ ਸਟ੍ਰੀਕ ਕੈਂਸਰ ਤੋਂ ਪੀੜਤ ਹਨ ਅਤੇ ਦੱਖਣੀ ਅਫਰੀਕਾ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਸਵੇਰੇ ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖ਼ਬਰ ਨੇ ਕ੍ਰਿਕਟ ਪ੍ਰਸ਼ੰਸਕਾਂ 'ਚ ਸੋਗ ਦਾ ਮਾਹੌਲ ਪੈਦਾ ਕਰ ਦਿਤਾ ਪਰ ਕੁੱਝ ਘੰਟਿਆਂ ਬਾਅਦ ਹੀ ਉਨ੍ਹਾਂ ਦੇ ਸਾਬਕਾ ਜ਼ਿੰਬਾਬਵੇ ਟੀਮ ਦੇ ਸਾਥੀ ਹੈਨਰੀ ਓਲੋਂਗਾ ਨੇ ਇਸ ਖ਼ਬਰ ਨੂੰ ਸਿਰੇ ਤੋਂ ਖਾਰਜ ਕਰ ਦਿਤਾ।
ਸਟ੍ਰੀਕ ਦੀ ਮੌਤ ਦੀ ਖ਼ਬਰ ਤੋਂ ਬਾਅਦ ਓਲੋਂਗਾ ਦੇ ਟਵੀਟ 'ਚ ਲਿਖਿਆ ਹੈ, 'ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਹੀਥ ਸਟ੍ਰੀਕ ਦੇ ਦੇਹਾਂਤ ਦੀਆਂ ਅਫਵਾਹਾਂ ਨੂੰ ਬਹੁਤ ਵਧਾ-ਚੜ੍ਹਾ ਕੇ ਦਸਿਆ ਗਿਆ ਹੈ। ਮੈਂ ਹੁਣੇ ਉਨ੍ਹਾਂ ਤੋਂ ਸੁਣਿਆ ਹੈ। ਤੀਜੇ ਅੰਪਾਇਰ ਨੇ ਉਨ੍ਹਾਂ ਨੂੰ ਵਾਪਸ ਬੁਲਾ ਲਿਆ ਹੈ। ਉਹ ਬਿਲਕੁੱਲ ਜਿੰਦਾਦਿਲ ਹੈ”।
ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਪਿੱਕਅਪ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ; 2 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਦੱਸ ਦੇਈਏ ਕਿ 49 ਸਾਲਾ ਸਟ੍ਰੀਕ ਨੇ 1993-2005 ਦਰਮਿਆਨ ਜ਼ਿੰਬਾਬਵੇ ਲਈ 65 ਟੈਸਟ ਅਤੇ 189 ਵਨਡੇ ਖੇਡੇ, ਦੋਵਾਂ ਫਾਰਮੈਟਾਂ ਵਿਚ ਕੁੱਲ 4,933 ਦੌੜਾਂ ਬਣਾਈਆਂ ਅਤੇ 455 ਵਿਕਟਾਂ ਲਈਆਂ। 49 ਸਾਲਾ ਸਟ੍ਰੀਕ ਨੇ 2005 ਵਿਚ 31 ਸਾਲ ਦੀ ਉਮਰ ਵਿਚ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: ਪਾਕਿਸਤਾਨ: 900 ਫੁੱਟ ਉੱਚੀ ਕੇਬਲ ਕਾਰ ’ਚ ਫਸੇ 8 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ
ਸਟ੍ਰੀਕ ਅਜੇ ਵੀ ਜ਼ਿੰਬਾਬਵੇ ਦਾ ਇਕਲੌਤੇ ਗੇਂਦਬਾਜ਼ ਹਨ ਜਿਨ੍ਹਾਂ ਨੇ 100 ਤੋਂ ਵੱਧ ਟੈਸਟ ਵਿਕਟਾਂ ਅਤੇ 200 ਤੋਂ ਵੱਧ ਵਨਡੇ ਵਿਕਟਾਂ ਲਈਆਂ ਹਨ। ਉਨ੍ਹਾਂ ਨੇ 2000 ਵਿਚ ਜ਼ਿੰਬਾਬਵੇ ਦੀ ਕਪਤਾਨੀ ਕੀਤੀ ਸੀ। ਉਨ੍ਹਾਂ ਦਾ ਕੌਮਾਂਤਰੀ ਕਰੀਅਰ 12 ਸਾਲ ਦਾ ਹੈ।