ਮੈਚ ਤੋਂ ਪਹਿਲਾਂ ਟੀਮ ਅਤੇ ਦੇਸ਼ ਛੱਡ ਪਾਕਿਸਤਾਨ ਭੱਜਿਆ ਇਹ ਖਿਡਾਰੀ

ਏਜੰਸੀ

ਖ਼ਬਰਾਂ, ਖੇਡਾਂ

ਗੈਰ-ਮੌਜੂਦਗੀ ਕਾਰਨ ਯੂ.ਏ.ਈ. ਦੀ ਟੀਮ ਨੂੰ ਹਾਂਗਕਾਂਗ ਵਿਰੁਧ ਹਾਰ ਦਾ ਸਾਹਮਣਾ ਕਰਨਾ ਪਿਆ

UAE Cricketer Ghulam Shabbir Appears in Pakistan After Leaving Country

ਦੁਬਈ :  ਯੂ.ਏ.ਈ. ਦੇ ਵਿਕਟਕੀਪਰ ਗੁਲਾਮ ਸ਼ੱਬੀਰ ਆਪਣੀ ਟੀਮ ਹੀ ਨਹੀਂ ਬਲਕਿ ਦੇਸ਼ ਹੀ ਛੱਡ ਕੇ ਚਲੇ ਗਏ ਹਨ। ਖਬਰਾਂ ਮੁਤਾਬਕ ਗੁਲਾਮ ਸ਼ੱਬੀਰ ਯੂ.ਏ.ਈ. ਛੱਡ ਕੇ ਪਾਕਿਸਤਾਨ ਚਲੇ ਗਏ ਹਨ। ਹਾਲਾਂਕਿ ਅਜੇ ਤਕ ਉਨ੍ਹਾਂ ਦੇ ਦੇਸ਼ ਛੱਡਣ ਦੀ ਵਜ੍ਹਾ ਸਾਹਮਣੇ ਨਹੀਂ ਆਈ। ਦਸ ਦੇਈਏ ਗੁਲਾਮ ਸ਼ੱਬੀਰ ਆਬੂਧਾਬੀ 'ਚ ਚੱਲ ਰਹੇ ਟੀ20 ਵਰਲਡ ਕੱਪ ਕੁਆਲੀਫਾਇਰ 'ਚ ਖੇਡ ਰਹੇ ਸਨ ਪਰ ਅਚਾਨਕ ਉਹ ਹਾਂਗਕਾਂਗ ਵਿਰੁਧ ਹੋਣ ਵਾਲੇ ਮੈਚ ਤੋਂ ਪਹਿਲਾਂ ਹੀ ਗਾਇਬ ਹੋ ਗਏ।

ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਗੁਲਾਮ ਸ਼ੱਬੀਰ ਨੂੰ ਆਖਰੀ ਵਾਰ ਐਤਵਾਰ ਨੂੰ ਵੇਖਿਆ ਗਿਆ ਸੀ। ਗੁਲਾਮ ਸ਼ੱਬੀਰ ਨੂੰ ਹਾਂਗਕਾਂਗ ਵਿਰੁਧ ਮੈਚ ਤੋਂ ਪਹਿਲਾਂ ਸੋਮਵਾਰ ਨੂੰ ਸਵੇਰੇ 11 ਵਜੇ ਟੀਮ ਮੀਟਿੰਗ 'ਚ ਸ਼ਾਮਲ ਹੋਣਾ ਸੀ, ਪਰ ਉਹ ਉਸ ਮੀਟਿੰਗ 'ਚ ਸ਼ਾਮਲ ਨਹੀਂ ਹੋਇਆ। ਇਸ ਤੋਂ ਬਾਅਦ ਮੰਗਲਵਾਰ ਨੂੰ ਜਰਸੀ ਵਿਰੁਧ ਮੈਚ ਲਈ ਵੀ ਗੁਲਾਮ ਟੀਮ ਨਾਲ ਨਹੀਂ ਜੁੜਿਆ ਅਤੇ ਉਸ ਦੀ ਗੈਰ-ਮੌਜੂਦਗੀ ਕਾਰਨ ਉਸ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਹੁਣ ਖੁਲਾਸਾ ਹੋਇਆ ਹੈ ਕਿ ਗੁਲਾਮ ਸ਼ੱਬੀਰ ਠੀਕ ਹੈ ਅਤੇ ਉਹ ਇਸ ਸਮੇਂ ਪਾਕਿਸਤਾਨ 'ਚ ਹੈ।

ਯੂ.ਏ.ਈ. ਦੇ ਟੀਮ ਮੈਨੇਜਰ ਪੀਟਰ ਕੈਲੀ ਨੇ ਦਸਿਆ ਕਿ ਸੋਮਵਾਰ ਸਵੇਰੇ 11 ਵਜੇ ਟੀਮ ਦੀ ਮੀਟਿੰਗ ਸੀ ਅਤੇ ਗੁਲਾਮ ਸ਼ਬੀਰ  ਉਸ 'ਚ ਨਹੀਂ ਆਇਆ। ਉਹ ਟੀਮ ਬੱਸ 'ਚ ਵੀ ਨਹੀਂ ਵਿਖਾਈ ਦਿਤਾ। ਸਾਨੂੰ ਉਨ੍ਹਾਂ ਦੀ ਫਿਕਰ ਹੋਈ ਤਾਂ ਅਸੀਂ ਉਨ੍ਹਾਂ ਦੇ ਸਾਥੀ ਅਤੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ। ਅਸੀਂ ਹਸਪਤਾਲਾਂ 'ਚ ਵੀ ਖੋਜ ਕੀਤੀ। ਅਸੀਂ ਉਨ੍ਹਾਂ ਦੇ ਘਰ ਵੀ ਗਏ ਅਤੇ ਫਿਰ ਸਾਨੂੰ ਪਤਾ ਲੱਗਾ ਕਿ ਉਹ ਯੂ. ਏ. ਈ. ਛੱਡ ਕੇ ਪਾਕਿਸਤਾਨ ਚਲਾ ਗਿਆ ਹੈ।