ਆਈਸੀਸੀ ਰੈਂਕਿੰਗ: ਵਨਡੇ ਵਿਚ ਭਾਰਤੀ ਖਿਡਾਰੀਆਂ ਦਾ ਜਲਵਾ ਜਾਰੀ

ਏਜੰਸੀ

ਖ਼ਬਰਾਂ, ਖੇਡਾਂ

ਆਈਸੀਸੀ (ICC) ਦੀ ਵਨਡੇ ਰੈਂਕਿੰਗ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਜਲਵਾ ਜਾਰੀ ਹੈ।

Virat Kohli, Jasprit Bumrah maintain top spot in ICC ODI rankings

ਦੁਬਈ: ਆਈਸੀਸੀ (ICC) ਦੀ ਵਨਡੇ ਰੈਂਕਿੰਗ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਜਲਵਾ ਜਾਰੀ ਹੈ। ਕ੍ਰਿਕਟ ਦੀ ਸਭ ਤੋਂ ਵੱਡੀ ਸੰਸਥਾ ਦੀ ਤਾਜ਼ਾ ਰੈਂਕਿੰਗ ਵਿਚ ਵਿਰਾਟ ਕੋਹਲੀ ਨੇ ਅਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਇਹੀ ਨਹੀਂ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਵੀ ਗੇਂਦਬਾਜ਼ਾਂ ਦੀ ਸੂਚੀ ਵਿਚ ਅਪਣਾ ਸਥਾਨ ਕਾਇਮ ਰੱਖਿਆ ਹੈ।

ਉੱਥੇ ਹੀ ਭਾਰਤੀ ਉਪ ਕਪਤਾਨ ਰੋਹਿਤ ਸ਼ਰਮਾ ਬੱਲੇਬਾਜ਼ਾਂ ਦੀ ਆਈਸੀਸੀ ਰੈਂਕਿੰਗ ਵਿਚ ਦੂਜੇ ਸਥਾਨ ‘ਤੇ ਹਨ। ਬੱਲੇਬਾਜ਼ੀ ਰੈਂਕਿੰਗ ਵਿਚ ਵਿਰਾਟ ਕੋਹਲੀ ਪਹਿਲੇ, ਰੋਹਿਤ ਸ਼ਰਮਾ ਦੂਜੇ, ਬਾਬਰ ਆਜ਼ਮ ਤੀਜੇ, ਫਾਫ ਡੂ ਪਲੇਸੀ ਚੌਥੇ, ਰੋਸ ਟੇਲਰ ਪੰਜਵੇਂ, ਕੇਨ ਵਿਲਿਅਮਸਨ ਛੇਵੇਂ, ਡੇਵਿਡ ਵਾਰਨਰ ਸੱਤਵੇਂ, ਜੋ ਰੂਟ ਅੱਠਵੇਂ, ਕਵਿੰਟਨ ਡੀ ਕਾਕ ਨੌਵੇਂ ਅਤੇ ਜੇਸਨ ਰਾਏ ਦਸਵੇਂ ਸਥਾਨ ‘ਤੇ ਹਨ।

ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੂੰ ਸ੍ਰੀਲੰਕਾ ਵਿਰੁੱਧ ਵਧੀਆ ਪ੍ਰਦਰਸ਼ਨ ਦਾ ਫਾਇਦਾ ਮਿਲਿਆ ਹੈ। ਆਮਿਰ ਨੇ ਦੋ ਮੈਚਾਂ ਵਿਚ ਚਾਰ ਵਿਕਟ ਹਾਸਲ ਕੀਤੇ ਸੀ। ਇਸ ਪ੍ਰਦਰਸ਼ਨ ਦੇ ਚਲਦਿਆਂ ਉਹਨਾਂ ਨੇ ਛੇ ਸਥਾਨਾਂ ਦੀ ਛਾਲ ਲਗਾ ਕੇ ਸੱਤਵੀਂ ਰੈਂਕਿੰਗ ਹਾਸਲ ਕਰ ਲਈ ਹੈ। ਪਾਕਿਸਤਾਨ ਦੇ ਇਕ ਹੋਰ ਗੇਂਦਬਾਜ਼ ਉਸਮਾਨ ਸ਼ਿਨਵਾਰੀ ਨੇ 28 ਸਥਾਨਾਂ ਦੀ ਛਾਲ ਦੇ ਨਾਲ 43ਵਾਂ ਰੈਂਕ ਹਾਸਲ ਕੀਤਾ ਹੈ। ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਜਸਪ੍ਰੀਤ ਬੁਮਰਾਹ ਪਹਿਲੇ ਸਥਾਨ ‘ਤੇ ਹਨ।

ਜੇਕਰ ਵਨਡੇ ਰੈਂਕਿੰਗ ਵਿਚ ਟੀਮਾਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਆਈਸੀਸੀ ਵਿਸ਼ਵ ਕੱਪ 2011 ਦੀ ਚੈਂਪੀਅਨ ਇੰਗਲੈਂਡ ਪਹਿਲੇ ਸਥਾਨ ‘ਤੇ ਬਣੀ ਹੋਈ ਹੈ। ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਭਾਰਤ, ਨਿਊਜ਼ੀਲੈਂਡ ਤੀਜੇ, ਆਸਟ੍ਰੇਲੀਆ ਚੌਥੇ, ਦੱਖਣੀ ਅਫਰੀਕਾ ਪੰਜਵੇਂ, ਪਾਕਿਸਤਾਨ ਛੇਵੇਂ, ਬੰਗਲਾਦੇਸ਼ ਸੱਤਵੇਂ, ਸ੍ਰੀਲੰਕਾ ਅੱਠਵੇਂ, ਵੈਸਟ ਇੰਡੀਜ਼ ਨੌਵੇਂ ਅਤੇ ਅਫ਼ਗਾਨਿਸਤਾਨ ਦਸਵੇਂ ਨੰਬਰ ‘ਤੇ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।