ਕੋਹਲੀ ਬ੍ਰਿਗੇਡ ਤੋਂ ਬਾਅਦ ਮਹਿਲਾ ਟੀਮ ਨੇ ਵੀ ਵਨਡੇ ‘ਚ ਨਿਊਜੀਲੈਂਡ ਨੂੰ ਹਰਾਇਆ
ਸਿਮਰਤੀ ਮੰਧਾਨਾ (105) ਅਤੇ ਜੇਮੀਮਾਹ ਰੌਡਰਿਗਜ਼ (ਨਾਬਾਦ 81) ਦੀ ਸ਼ਾਨਦਾਰ ਪਾਰੀ ਦੇ ਦਮ ਉਤੇ ਭਾਰਤੀ ਕ੍ਰਿਕੇਟ....
ਨੇਪੀਅਰ : ਸਿਮਰਤੀ ਮੰਧਾਨਾ (105) ਅਤੇ ਜੇਮੀਮਾਹ ਰੌਡਰਿਗਜ਼ (ਨਾਬਾਦ 81) ਦੀ ਸ਼ਾਨਦਾਰ ਪਾਰੀ ਦੇ ਦਮ ਉਤੇ ਭਾਰਤੀ ਕ੍ਰਿਕੇਟ ਟੀਮ ਨੇ ਵੀਰਵਾਰ ਨੂੰ ਨਿਊਜੀਲੈਂਡ ਨੂੰ ਨੌਂ ਵਿਕੇਟਾਂ ਨਾਲ ਹਰਾ ਦਿਤਾ। ਮੈਕਲੀਨ ਪਾਰਕ ਮੈਦਾਨ ਉਤੇ ਖੇਡੇ ਗਏ ਮੈਚ ਦੀ ਜਿੱਤ ਨਾਲ ਭਾਰਤ ਨੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਵਿਚ 1-0 ਦਾ ਵਾਧਾ ਲੈ ਲਿਆ ਹੈ। ਭਾਰਤੀ ਮਹਿਲਾ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਨਿਊਜੀਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿਤਾ ਅਤੇ ਅਪਣੇ ਗੇਂਦਬਾਜਾਂ ਦੇ ਦਮ ਉਤੇ ਮੇਜ਼ਬਾਨ ਟੀਮ ਦੀ ਪਾਰੀ ਨੂੰ 192 ਦੌੜਾਂ ਉਤੇ ਹੀ ਸਮੇਟ ਦਿਤਾ।
ਇਸ ਪਾਰੀ ਨੂੰ ਢੇਰ ਕਰਨ ਵਿਚ ਭਾਰਤ ਲਈ ਏਕਤਾ ਬਿਸ਼ਟ ਅਤੇ ਪੂਨਮ ਯਾਦਵ ਨੇ ਅਹਿਮ ਭੂਮਿਕਾ ਨਿਭਾਈ। ਦੋਨਾਂ ਨੇ ਤਿੰਨ-ਤਿੰਨ ਵਿਕੇਟ ਹਾਸਲ ਕੀਤੇ। ਇਸ ਤੋਂ ਇਲਾਵਾ, ਦੀਪਤੀ ਸ਼ਰਮਾ ਨੇ ਦੋ ਅਤੇ ਸ਼ਿਖਾ ਪੰਡਿਤ ਨੇ ਇਕ ਵਿਕੇਟ ਹਾਸਲ ਕੀਤਾ। ਨਿਊਜੀਲੈਂਡ ਲਈ ਇਸ ਪਾਰੀ ਵਿਚ ਸੂਜੀ ਬੈਟਸ ਨੇ ਹੀ ਸਭ ਤੋਂ ਜਿਆਦਾ 36 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਟੀਮ ਦੀ ਕੋਈ ਵੀ ਬੱਲੇਬਾਜ਼ ਖਾਸ ਕਮਾਲ ਨਹੀਂ ਕਰ ਸਕੀ। ਨਿਊਜੀਲੈਂਡ ਵਲੋਂ ਮਿਲੇ 193 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਵਿਚ ਭਾਰਤੀ ਟੀਮ ਨੂੰ ਜਿਆਦਾ ਪ੍ਰੇਸ਼ਾਨੀ ਨਹੀਂ ਹੋਈ। ਮੰਧਾਨਾ ਨੇ ਰੌਡਰਿਗਜ਼ ਦੇ ਨਾਲ 190 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।
ਭਾਰਤੀ ਟੀਮ ਜਿੱਤ ਤੋਂ ਕੇਵਲ ਤਿੰਨ ਦੌੜਾਂ ਦੂਰ ਸੀ ਕਿ ਇਸ ਮੌਕੇ ਉਤੇ ਏਮੀਲਿਆ ਕੈਰ ਨੇ ਮੰਧਾਨਾ ਨੂੰ ਆਊਟ ਕਰ ਕੇ ਭਾਰਤੀ ਟੀਮ ਦਾ ਪਹਿਲਾ ਵਿਕੇਟ ਗਿਰਾਇਆ। ਹਾਲਾਂਕਿ ਇਸ ਵਿਕੇਟ ਦੇ ਡਿੱਗਣ ਨਾਲ ਮਹਿਮਾਨ ਟੀਮ ਨੂੰ ਜਿਆਦਾ ਨੁਕਸਾਨ ਨਹੀਂ ਹੋਇਆ। ਇਸ ਤੋਂ ਬਾਅਦ ਰੌਡਰਿਗਜ਼ ਨੇ ਦੀਪਤੀ ਸ਼ਰਮਾ ਦੇ ਨਾਲ ਜ਼ਰੂਰੀ ਤਿੰਨ ਦੌੜਾਂ ਜੋੜੀਆਂ ਅਤੇ ਟੀਮ ਨੂੰ ਜਿੱਤ ਦਿਵਾਈ। ਹਾਲਾਂਕਿ ਲੌਅ ਨੇ ਇਕ ਵੀ ਦੌੜ ਨਹੀਂ ਬਣਾਈ। ਮੰਧਾਨਾ ਨੇ ਅਪਣੀ ਪਾਰੀ ਵਿਚ 104 ਗੇਂਦਾ ਖੇਡੀਆਂ। ਉਨ੍ਹਾਂ ਨੇ ਨੌਂ ਚੌਕੇ ਅਤੇ ਤਿੰਨ ਛੱਕੇ ਲਗਾਏ। ਉਥੇ ਹੀ ਰੋਡਰਿਗਜ਼ ਨੇ 94 ਗੇਂਦਾ ਖੇਡੀਆਂ ਅਤੇ ਨੌਂ ਚੌਕੇ ਜੜੇ।