ਰਸੇਲ ਦੀ ਧਮਾਕੇਦਾਰ ਪਾਰੀ ਤੋਂ ਕੋਲਕਾਤਾ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਂਦਰੇ ਰਸੇਲ ਨੇ 19 ਗੇਂਦਾਂ 'ਚ 49 ਦੌੜਾਂ ਬਣਾਈਆਂ

Kolkata knight riders beat Sunrisers Hyderabad

ਈਡਨ ਗਾਰਡਨ : ਆਈਪੀਐਲ ਦੇ ਦੂਜੇ ਮੈਜ 'ਚ ਕੋਲਕਾਤਾ ਨਾਈਟਰਾਈਡਰਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਉਸ ਨੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ 'ਚ 7ਵੀਂ ਵਾਰ ਜਿੱਤ ਦਰਜ ਕੀਤੀ। ਹੈਦਰਾਬਾਦ ਵੱਲੋਂ ਮਿਲੇ 182 ਦੌੜਾਂ ਦੇ ਟੀਚੇ ਨੂੰ ਕੋਲਕਾਤਾ ਨੇ 19.4 ਓਵਰਾਂ 'ਚ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਕੋਲਕਾਤਾ ਲਈ ਨਿਤਿਸ਼ ਰਾਣਾ ਨੇ ਸਭ ਤੋਂ ਵੱਧ 68 ਦੌੜਾਂ ਬਣਾਈਆਂ। ਆਂਦਰੇ ਰਸੇਲ ਨੇ 19 ਗੇਂਦਾਂ 'ਚ 49 ਅਤੇ ਸ਼ੁਭਮਨ ਗਿੱਲ ਨੇ 10 ਗੇਂਦਾਂ 'ਚ 18 ਦੌੜਾਂ ਬਣਾਈਆਂ।

182 ਦੌੜਾਂ ਦੇ ਟੀਚੇ ਨੂੰ ਕੇਕੇਆਰ ਨੇ ਚਾਰ ਵਿਕਟਾਂ ਦੇ ਨੁਕਸਾਨ 'ਤੇ 2 ਗੇਂਦਾਂ ਬਾਕੀ ਰਹਿੰਦਿਆਂ ਹੀ ਹਾਸਲ ਕਰ ਲਿਆ। ਕ੍ਰਿਸ ਲਿਨ ਦੇ ਆਊਟ ਹੋਣ ਤੋਂ ਬਾਅਦ ਰਾਣਾ ਤੇ ਰੋਬਿਨ ਉਥੱਪਾ ਨੇ ਪਾਰੀ ਨੂੰ ਸੰਭਾਲਿਆ ਪਰ ਬਾਅਦ 'ਚ ਹੈਦਰਾਬਾਦ ਨੇ ਮੈਚ 'ਚ ਆਪਣੀ ਪਕੜ ਮਜ਼ਬੂਤ ਬਣਾਈ ਰੱਖੀ। ਅੰਤਿਮ ਓਵਰਾਂ 'ਚ ਰਸੇਲ ਨੇ 19 ਗੇਂਦਾਂ 'ਚ 49 ਦੌੜਾਂ ਦੀ ਤੂਫ਼ਾਨੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ।

ਇਸ ਤੋਂ ਪਹਿਲਾਂ ਸਨਰਾਈਜਰਜ਼ ਹੈਦਰਾਬਾਦ ਨੇ ਕੋਲਕਾਤਾ ਨਾਈਟਰਾਈਡਜਰਜ਼ ਖ਼ਿਲਾਫ ਐਤਵਾਰ ਨੂੰ ਈਡਨ ਗਾਰਡਨ 'ਚ 181 ਦੌੜਾਂ ਬਣਾਈਆਂ। ਟਾਸ ਜਿੱਤ ਕੇ ਕੇਕੇਆਰ ਤੇ ਸਨਰਾਈਜਰਜ਼ ਹੈਦਰਾਬਾਦ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਬੁਲਾਇਆ। ਡੇਵਿਡ ਵਾਰਨਰ ਤੇ ਜਾਨੀ ਬੇਅਰਸਟ੍ਰੋ ਨੇ ਆਪਣੀ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਗੇਂਦ ਨਾਲ ਛੇੜਖਾਨੀ ਕਰਨ ਦੇ ਮਾਮਲੇ 'ਚ ਪਾਬੰਦੀ ਝੱਲਣ ਵਾਲੇ ਵਾਰਨਰ ਆਪਣੀ ਵਾਪਸੀ 'ਤੇ ਜ਼ਬਰਦਸਤ ਫਾਰਮ 'ਚ ਵਿਖਾਈ ਦਿੱਤੇ। ਉਨ੍ਹਾਂ ਨੇ 53 ਗੇਂਦਾਂ 'ਚ 85 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸਨਰਾਈਜਰਜ਼ ਹੈਦਰਾਬਾਦ ਲਈ ਜਾਨੀ ਬੇਅਰਸਟ੍ਰੋ ਨੇ 39 ਤੇ ਵਿਜੈ ਸ਼ੰਕਰ ਨੇ ਨਾਬਾਦ 40 ਦੌੜਾਂ ਬਣਾਈਆਂ। ਕੇਕੇਆਰ ਲਈ ਆਂਦਰੇ ਰਸੇਲ ਨੇ ਦੋ ਵਿਕਟਾਂ ਹਾਸਲ ਕੀਤੀਆਂ।