ਸੁਲਤਾਨ ਅਜਲਾਨ ਸ਼ਾਹ ਕੱਪ : ਭਾਰਤ-ਕੋਰੀਆ ਵਿਚਕਾਰ ਮੈਚ 1-1 ਨਾਲ ਡਰਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੈਚ ਖ਼ਤਮ ਹੋਣ ਤੋਂ 22 ਸਕਿੰਟ ਪਹਿਲਾਂ ਕੋਰੀਆਈ ਟੀਮ ਨੇ ਗੋਲ ਕੀਤਾ

Sultan Azlan Shah Cup : India-Korea match draws with 1-1

ਇਪੋਹ (ਮਲੇਸ਼ੀਆ) : ਸੁਲਤਾਨ ਅਜਲਾਨ ਸ਼ਾਹ ਕੱਪ 'ਚ ਭਾਰਤ-ਕੋਰੀਆ ਵਿਚਕਾਰ ਖੇਡਿਆ ਗਿਆ ਦੂਜਾ ਹਾਕੀ ਮੈਚ 1-1 ਨਾਲ ਬਰਾਬਰੀ 'ਤੇ ਰਿਹਾ। ਕੋਰੀਆ ਨੇ ਮੈਚ ਖ਼ਤਮ ਹੋਣ ਤੋਂ 22 ਸਕਿੰਟ ਪਹਿਲਾਂ ਗੋਲ ਕੀਤਾ। ਭਾਰਤ ਵੱਲੋਂ ਮਨਦੀਪ ਸਿੰਘ ਨੇ 28ਵੇਂ ਮਿੰਟ 'ਚ ਗੋਲ ਕੀਤਾ। ਇਸ ਤੋਂ ਪਹਿਲਾਂ ਸਨਿਚਰਵਾਰ ਨੂੰ ਖੇਡੇ ਗਏ ਪਹਿਲੇ ਮੈਚ 'ਚ ਭਾਰਤ ਨੇ ਜਾਪਾਨ ਨੂੰ 2-0 ਨਾਲ ਹਰਾਇਆ ਸੀ।

ਭਾਰਤੀ ਟੀਮ ਨੇ ਇਸ ਮੈਚ 'ਚ ਸ਼ੁਰੂਆਤ ਤੋਂ ਕੋਰੀਆਈ ਟੀਮ ਨੂੰ ਬੈਕਫੁਟ 'ਤੇ ਰੱਖਿਆ। ਪਹਿਲੇ ਕੁਆਰਟਰ ਦੀ ਸਮਾਪਤੀ ਤਕ ਦੋਵੇਂ ਟੀਮਾਂ ਗੋਲ ਨਾ ਕਰ ਸਕੀਆਂ। ਇਸ ਤੋਂ ਬਾਅਦ ਦੂਜੇ ਕੁਆਰਟਰ 'ਚ ਭਾਰਤ ਨੇ ਹਮਲੇ ਤੇਜ਼ ਕਰ ਦਿੱਤੇ, ਜਿਸ ਦਾ ਫ਼ਾਇਦਾ ਉਸ ਨੂੰ ਮਿਲਿਆ ਅਤੇ 28ਵੇਂ ਮਿੰਟ 'ਚ ਮਨਦੀਪ ਨੇ ਗੋਲ ਕਰ ਦਿੱਤਾ। 

ਮੈਚ ਦੇ ਤੀਜੇ ਕੁਆਰਟਰ 'ਚ ਵੀ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਵਿਖਾਉਂਦਿਆਂ ਕੋਰੀਆ ਨੂੰ ਗੋਲ ਕਰਨ ਦਾ ਕੋਈ ਮੌਕਾ ਨਾ ਦਿੱਤਾ। ਭਾਰਤ ਦਾ ਡਿਫੈਂਸ ਇਕ ਵਾਰ ਫਿਰ ਮਜ਼ਬੂਤ ਨਜ਼ਰ ਆਇਆ, ਜਿਸ ਨੇ ਕੋਰੀਆਈ ਸਟ੍ਰਾਈਕਰਾਂ ਨੂੰ ਹਾਵੀ ਨਾ ਹੋਣ ਦਿੱਤਾ। 

ਚੌਥੇ ਅਤੇ ਅੰਤਮ ਕੁਆਰਟਰ ਦੀ ਸ਼ੁਰੂਆਤ 'ਚ ਕੋਰੀਆ ਨੇ ਤੇਜ਼ ਖੇਡ ਵਿਖਾਉਂਦਿਆਂ ਗੋਲ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਭਾਰਤੀ ਡਿਫੈਂਡਰਾਂ ਨੂੰ ਉਨ੍ਹਾਂ ਨੂੰ ਕਾਮਯਾਬ ਨਾ ਹੋਣ ਦਿੱਤਾ। ਇਸ ਦੌਰਾਨ ਮੀਂਹ ਸ਼ੁਰੂ ਹੋ ਗਿਆ, ਜਿਸ ਕਾਰਨ ਮੈਚ ਨੂੰ ਇਕ ਘੰਟੇ ਲਈ ਰੋਕਣਾ ਪਿਆ। ਜਦੋਂ ਖੇਡ ਦੁਬਾਰਾ ਸ਼ੁਰੂ ਹੋਇਆ ਤਾਂ ਕੋਰੀਆ ਨੂੰ ਇਕ ਤੋਂ ਬਾਅਦ ਇਕ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ। ਜੈਂਗ ਨੇ ਮੌਕੇ ਦਾ ਫ਼ਾਇਦਾ ਚੁੱਕਦਿਆਂ ਮੈਚ ਖ਼ਤਮ ਹੋਣ ਤੋਂ 22 ਸਕਿੰਟ ਪਹਿਲਾਂ ਗੋਲ ਕਰ ਕੇ ਆਪਣੀ ਟੀਮ ਦੀ ਹਾਰ ਨੂੰ ਟਾਲ ਦਿੱਤਾ।