ਸੱਟ ਲੱਗਣ ਕਾਰਨ ਸਟੇਨ ਹੋਇਆ ਟੀਮ ਤੋਂ ਬਾਹਰ
ਸਟੇਨ ਆਈ.ਪੀ.ਐੱਲ. 2019 ਟੂਰਨਾਮੈਂਟ ਦੇ ਮੱਧ 'ਚ ਆਰ.ਸੀ.ਬੀ. 'ਚ ਸ਼ਾਮਲ ਹੋਏ ਸਨ
ਬੈਂਗਲੁਰੂ : ਆਈ.ਪੀ.ਐਲ. 2019 ਦੇ ਟੂਰਨਾਮੈਂਟ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਉਸ ਸਮੇਂ ਜ਼ਬਰਦਸਤ ਝਟਕਾ ਲੱਗਾ ਜਦੋਂ ਉਸ ਦਾ ਤੇਜ਼ ਗੇਂਦਬਾਜ ਡੇਲ ਸਟੇਨ ਮੋਢੇ ਦੀ ਸੱਟ ਕਾਰਨ ਬਾਕੀ ਦੇ ਸੀਜ਼ਨ 'ਚੋਂ ਬਾਹਰ ਹੋ ਗਿਆ। ਦੱਖਦੀ ਅਫ਼ਰੀਕਾ ਦੇ ਤਜ਼ਰਬੇਕਾਰ ਗੇਂਦਬਾਜ਼ ਨੂੰ ਨਾਥਨ ਕੂਲਟਰ ਨਾਇਲ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ। ਆਰ.ਸੀ.ਬੀ ਦੇ ਚੇਅਰਮੈਨ ਸੰਜੀਵ ਚੂੜੀਵਾਲਾ ਨੇ ਇਕ ਬਿਆਨ ਵਿਚ ਕਿਹਾ, ''ਡੇਲ ਸਟੇਨ ਨੂੰ ਡਾਕਟਰਾਂ ਨੇ ਆਰਾਮ ਕਰਨ ਦੀ ਸਲਾਹ ਦਿਤੀ ਹੈ। ਉਹ ਆਈਪੀਐਲ ਦੇ ਮੌਜੂਦਾ ਸੀਜ਼ਨ ਵਿਚ ਅੱਗੇ ਨਹੀਂ ਖੇਡ ਸਕਣਗੇ।"
ਸਟੇਨ ਆਈ.ਪੀ.ਐੱਲ. 2019 ਟੂਰਨਾਮੈਂਟ ਦੇ ਮੱਧ 'ਚ ਆਰ.ਸੀ.ਬੀ. 'ਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਸਿਰਫ਼ 2 ਮੈਚ ਖੇਡੇ ਸਨ। ਸਟੇਨ ਨੇ ਦੋ ਮੈਚਾਂ ਵਿਚ 4 ਵਿਕਟਾਂ ਲਈਆਂ ਅਤੇ ਸੀ.ਐੱਸ.ਕੇ. 'ਤੇ ਆਰ.ਸੀ.ਬੀ. ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ।
ਡੇਲ ਦੀ ਮੌਜੂਦਗੀ ਨਾਲ ਟੀਮ ਨੂੰ ਕਾਫ਼ੀ ਮਦਦ ਮਿਲੀ ਸੀ। ਟੀਮ ਦੇ ਖਿਡਾਰੀਆਂ ਨੇ ਕਿਹਾ ਕਿ ਉਹ ਉਨ੍ਹਾਂ ਦੀ ਪ੍ਰੇਰਨਾ ਅਤੇ ਖੇਡ ਭਾਵਨਾ ਤੋਂ ਕਾਫ਼ੀ ਪ੍ਰਭਾਵਤ ਹਨ। ਟੀਮ ਉਨ੍ਹਾਂ ਦੀ ਕਮੀ ਨੂੰ ਕਾਫ਼ੀ ਮਹਿਸੂਸ ਕਰੇਗੀ ਅਤੇ ਸਾਰੇ ਖਿਡਾਰੀ ਪ੍ਰਾਰਥਨਾ ਕਰ ਰਹੇ ਹਨ ਕਿ ਡੇਲ ਛੇਤੀ ਹੀ ਠੀਕ ਹੋ ਜਾਣ।