ਹਾਕੀ ਇੰਡੀਆ ਨੇ ਕੌਮੀ ਕੈਂਪ ਲਈ 48 ਖਿਡਾਰੀਆਂ ਦਾ ਕੀਤਾ ਐਲਾਨ
ਹਾਕੀ ਇੰਡੀਆ ਨੇ ਸਪੇਨ ਦੌਰੇ ਅਤੇ ਐਫ਼.ਆਈ.ਐਚ. ਵਿਸ਼ਵ ਕੱਪ ਤੋਂ ਪਹਿਲਾਂ ਭਲਕ ਤੋਂ ਨੌਂ ਜੂਨ ਤਕ ਬੰਗਲੌਰ 'ਚ ਲੱਗਣ ਵਾਲੇ ਸੀਨੀਅਰ ਮਹਿਲਾਵਾਂ ਦੇ ਕੌਮੀ ਕੈਂਪ ਲਈ 48...
ਨਵੀਂ ਦਿੱਲੀ, 26 ਮਈ : ਹਾਕੀ ਇੰਡੀਆ ਨੇ ਸਪੇਨ ਦੌਰੇ ਅਤੇ ਐਫ਼.ਆਈ.ਐਚ. ਵਿਸ਼ਵ ਕੱਪ ਤੋਂ ਪਹਿਲਾਂ ਭਲਕ ਤੋਂ ਨੌਂ ਜੂਨ ਤਕ ਬੰਗਲੌਰ 'ਚ ਲੱਗਣ ਵਾਲੇ ਸੀਨੀਅਰ ਮਹਿਲਾਵਾਂ ਦੇ ਕੌਮੀ ਕੈਂਪ ਲਈ 48 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਪੰਜਵੀਂ ਮਹਿਲਾ ਏਸ਼ੀਆਈ ਚੈਂਪੀਅਨਜ਼ ਟਰਾਫ਼ੀ 'ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਕੱਲ੍ਹ ਤੋਂ ਇੱਥੇ ਕੋਚ ਸ਼ੋਰਡ ਮਾਰਿਨ ਦੇ ਮਾਰਗਦਰਸ਼ਨ 'ਚ ਅਭਿਆਸ ਕੈਂਪ 'ਚ ਹਿੱਸਾ ਲਵੇਗੀ।
ਨੌਂ ਜੂਨ ਤਕ ਚੱਲਣ ਵਾਲੇ ਇਸ ਕੈਂਪ 'ਚ 10 ਜੂਨ ਤੋਂ ਸ਼ੁਰੂ ਹੋ ਰਹੇ ਸਪੇਨ ਦੌਰੇ ਤੋਂ ਪਹਿਲਾਂ ਖਿਡਾਰੀਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ ਜਾਵੇਗਾ। ਮਾਰਿਨ ਨੇ ਕਿਹਾ ਕਿ ਅਸੀਂ ਏਸ਼ੀਆਈ ਚੈਂਪੀਅਨਜ਼ ਟਰਾਫ਼ੀ 'ਚ ਪ੍ਰਦਰਸ਼ਨ ਦੀ ਸਮੀਖਿਆ ਅਤੇ ਫਿਟਨੈੱਸ ਦਾ ਪੱਧਰ ਬੇਹਤਰ ਕਰਨ ਲਈ ਇਸ ਕੈਂਪ 'ਚ ਕੰਮ ਕਰਾਂਗੇ। ਇਸ ਤੋਂ ਇਲਾਵਾ ਮਨੋਵਿਗਿਆਨਕ ਨਾਲ ਮਿਲ ਕੇ ਖਿਡਾਰੀਆਂ ਦੀ ਵਿਅਕਤੀਗਤ ਅਤੇ ਇਕ ਟੀਮ ਦੇ ਰੂਪ 'ਚ ਮਾਨਸਿਕ ਦ੍ਰਿੜਤਾ ਬੇਹਤਰ ਕਰਨ ਲਈ ਕੰਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਲੜਕੀਆਂ ਨੇ ਪਿਛਲੇ ਦੋ ਮਹੀਨਿਆਂ 'ਚ ਕਾਫ਼ੀ ਮੈਚ ਖੇਡੇ ਹਨ ਅਤੇ ਉਨ੍ਹਾਂ ਦੇ ਕੰਮ ਨੂੰ ਲੈ ਕੇ ਵੀ ਸਾਵਧਾਨੀ ਵਰਤਣੀ ਹੋਵੇਗੀ ਤਾਂ ਕਿ ਉਹ ਸਰੀਰਕ ਤੇ ਮਾਨਸਿਕ ਤੌਰ 'ਤੇ ਤਰੋਤਾਜ਼ਾ ਰਹਿਣ। ਇਸ ਕੈਂਪ ਲਈ ਸਵਿਤਾ, ਰਜਨੀ ਈ, ਸਾਵਤੀ, ਚੰਚਲ, ਸੋਨਲ ਮਿੰਜ, ਜਸਪ੍ਰੀਤ ਕੌਰ, ਦੀਪ ਗ੍ਰੇਸ ਇੱਕਾ, ਸੁਨੀਤਾ ਲਾਕੜਾ, ਸੁਸ਼ੀਲਾ ਚਾਨੂ, ਗੁਰਜੀਤ ਕੌਰ, ਰਸ਼ਮਿਤਾ ਮਿੰਜ, ਸੁਮਨ ਦੇਵੀ, ਦੀਪਿਕਾ, ਨੀਲੂ ਦਾਦਿਆ ਸਮੇਤ ਕੁਲ 48 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। (ਏਜੰਸੀ)