ਉਤਰਾਖੰਡ ਦੇ ਸਾਢੇ ਪੰਜ ਸਾਲਾ ਤੇਜਸ ਤਿਵਾੜੀ ਨੇ ਇਤਿਹਾਸ ਰਚਿਆ

ਏਜੰਸੀ

ਖ਼ਬਰਾਂ, ਖੇਡਾਂ

ਬਣਿਆ ਦੁਨੀਆਂ ਦਾ ਸਭ ਤੋਂ ਘੱਟ ਉਮਰ ਦਾ ਸ਼ਤਰੰਜ ਖਿਡਾਰੀ 

Tejas Tiwari

ਅੰਤਰਰਾਸ਼ਟਰੀ ਸ਼ਤਰੰਜ ਮਹਾਸੰਘ ਦੀ ਸੂਚੀ 'ਚ ਮਿਲਿਆ 1149ਵਾਂ ਦਰਜਾ

ਉਤਰਾਖੰਡ : ਹੁਨਰ ਕਿਸੇ ਵੀ ਉਮਰ ਦਾ ਮੁਥਾਜ ਨਹੀਂ ਹੁੰਦਾ। ਜੇਕਰ ਕੋਈ ਟੀਚਾ ਸਰ ਕਰਨ ਦਾ ਦ੍ਰਿੜ ਇਰਾਦਾ ਹੋਵੇ ਤਾਂ ਕੋਈ ਵੀ ਮੁਸ਼ਕਲ ਰਾਹ ਦਾ ਰੋੜਾ ਨਹੀਂ ਬਣ ਸਕਦੀ। ਇਹ ਕਹਾਵਤ ਉੱਤਰਾਖੰਡ ਦੇ ਮਾਸੂਮ ਤੇਜਸ 'ਤੇ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ। ਹਲਦਵਾਨੀ ਦੇ ਸਿਰਫ ਸਾਢੇ ਪੰਜ ਸਾਲ ਦੇ ਤੇਜਸ ਤਿਵਾਰੀ ਨੇ ਸ਼ਤਰੰਜ ਦੀ ਦੁਨੀਆਂ 'ਚ ਇਤਿਹਾਸ ਰਚ ਦਿਤਾ ਹੈ। ਹਲਦਵਾਨੀ ਦੇ ਦਿਕਸ਼ਾਂਤ ਸਕੂਲ ਵਿਚ ਯੂ.ਕੇ.ਜੀ. ਜਮਾਤ ਦਾ ਸਾਢੇ ਪੰਜ ਸਾਲਾ ਵਿਦਿਆਰਥੀ ਤੇਜਸ ਤਿਵਾੜੀ ਦੁਨੀਆਂ ਦਾ ਸਭ ਤੋਂ ਘੱਟ ਉਮਰ ਦਾ ਸ਼ਤਰੰਜ ਖਿਡਾਰੀ ਬਣ ਗਿਆ ਹੈ। ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ ਨੇ ਉਸ ਨੂੰ ਸਭ ਤੋਂ ਘੱਟ ਉਮਰ ਦਾ ਖਿਡਾਰੀ ਐਲਾਨਿਆ ਹੈ।

ਇਹ ਵੀ ਪੜ੍ਹੋ: ਕ੍ਰਿਕਟਰ ਯੁਵਰਾਜ ਸਿੰਘ ਦੀ ਮਾਂ ਨੇ ਸ਼ਬਨਮ ਸਿੰਘ ਤੋਂ ਮੰਗੀ 40 ਲੱਖ ਰੁਪਏ ਦੀ ਫ਼ਿਰੌਤੀ  

ਜੂਨ ਵਿਚ ਜਾਰੀ ਅੰਤਰਰਾਸ਼ਟਰੀ ਸ਼ਤਰੰਜ ਮਹਾਸੰਘ (FIDE) ਦੀ ਸੂਚੀ ਵਿਚ ਉਸ ਨੂੰ 1149ਵਾਂ ਦਰਜਾ ਮਿਲਿਆ ਹੈ। ਫੈਡਰੇਸ਼ਨ ਨੇ ਇੰਟਰਨੈੱਟ ਮੀਡੀਆ ਪੇਜ 'ਤੇ ਵੀ ਇਸ ਦੀ ਜਾਣਕਾਰੀ ਜਾਰੀ ਕੀਤੀ ਹੈ। ਹਾਲ ਹੀ 'ਚ ਰੁਦਰਪੁਰ 'ਚ ਹੋਈ ਪਹਿਲੀ ਸਵ. ਧੀਰਜ ਸਿੰਘ ਰਘੂਵੰਸ਼ੀ ਓਪਨ FIDE ਦਰਜਾਬੰਦੀ ਵਾਲੇ ਸ਼ਤਰੰਜ ਟੂਰਨਾਮੈਂਟ ਵਿਚ ਤੇਜਸ ਨੇ ਚਾਰ ਡਰਾਅ ਅਤੇ ਦੋ ਜਿੱਤਾਂ ਨਾਲ FIDE ਰੇਟਿੰਗ ਹਾਸਲ ਕੀਤੀ ਹੈ। ਉਹ ਹੁਣ ਤਕ ਪੰਜ ਰਾਸ਼ਟਰੀ ਸ਼ਤਰੰਜ ਚੈਂਪੀਅਨਸ਼ਿਪ ਵਿਚ ਉਤਰਾਖੰਡ ਦੀ ਨੁਮਾਇੰਦਗੀ ਕਰ ਚੁੱਕਾ ਹੈ। ਸਿਰਫ ਸਾਢੇ ਪੰਜ ਸਾਲ ਦੀ ਉਮਰ 'ਚ ਦੇਸ਼ ਦੇ 12 ਸੂਬਿਆਂ 'ਚ ਖੇਡ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਵਾਲੇ ਤੇਜਸ ਦੀ ਇਸ ਉਪਲੱਬਧੀ 'ਤੇ ਹਰ ਕੋਈ ਹੈਰਾਨ ਹੈ।

ਤੇਜਸ ਤਿਵਾੜੀ ਹਲਦਵਾਨੀ ਦੇ ਸੁਭਾਸ਼ ਨਗਰ ਇਲਾਕੇ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਸ਼ਰਦ ਤਿਵਾੜੀ ਇਕ ਸਮਾਜ ਸੇਵੀ ਹਨ ਅਤੇ ਮਾਂ ਇੰਦੂ ਤਿਵਾੜੀ ਇਕ ਘਰੇਲੂ ਔਰਤ ਹੈ। ਤੇਜਸ ਦੇ ਪਿਤਾ ਸ਼ਰਦ ਤਿਵਾਰੀ ਨੇ ਮੀਡੀਆ ਨੂੰ ਦਸਿਆ ਕਿ ਉਨ੍ਹਾਂ ਨੂੰ FIDE ਤੋਂ ਇਕ ਈਮੇਲ ਮਿਲੀ ਸੀ। ਤੇਜਸ ਦੇ ਪਿਤਾ ਸ਼ਰਦ ਤਿਵਾੜੀ ਵੀ ਸ਼ਤਰੰਜ ਖਿਡਾਰੀ ਰਹਿ ਚੁੱਕੇ ਹਨ। ਤੇਜਸ ਨੂੰ ਉਸ ਦੇ ਪਿਤਾ ਸ਼ਰਦ ਤਿਵਾਰੀ ਨੇ ਸ਼ਤਰੰਜ ਦੇ ਵਧੀਆ ਨੁਕਤੇ ਸਿਖਾਏ ਸਨ।
ਤੇਜਸ ਗੋਲਡਨ ਬੁਆਏ ਦਾ ਖ਼ਿਤਾਬ ਵੀ ਹਾਸਲ ਕਰ ਚੁੱਕਿਆ ਹੈ।