ਏਸ਼ੀਆਈ ਖੇਡਾਂ ਖ਼ਤਮ ਹੋਣ ਨੂੰ, ਪਾਲੇਮਬਾਂਗ 'ਚ ਭਾਰਤੀ ਖਿਡਾਰੀਆਂ ਨੂੰ ਨਹੀਂ ਮਿਲਿਆ ਭੱਤਾ

ਏਜੰਸੀ

ਖ਼ਬਰਾਂ, ਖੇਡਾਂ

ਏਸ਼ੀਆਈ ਖੇਡਾਂ ਦੌਰਾਨ ਪਾਲੇਮਬਾਂਗ 'ਚ ਮੁਕਾਬਲੇ ਲਗਭਗ ਖ਼ਤਮ ਹੋਣ ਨੂੰ ਹਨ ਪਰ ਭਾਰਤੀ ਖਿਡਾਰੀਆਂ ਨੂੰ ਅਜੇ ਵੀ ਉਨ੍ਹਾਂ ਦਾ 50 ਡਾਲਰ ਦਾ ਰੋਜ਼ਾਨਾ ਭੱਤਾ ਨਹੀਂ ਮਿਲਿਆ.........

Asian Games

ਪਾਲੇਮਬਾਂਗ : ਏਸ਼ੀਆਈ ਖੇਡਾਂ ਦੌਰਾਨ ਪਾਲੇਮਬਾਂਗ 'ਚ ਮੁਕਾਬਲੇ ਲਗਭਗ ਖ਼ਤਮ ਹੋਣ ਨੂੰ ਹਨ ਪਰ ਭਾਰਤੀ ਖਿਡਾਰੀਆਂ ਨੂੰ ਅਜੇ ਵੀ ਉਨ੍ਹਾਂ ਦਾ 50 ਡਾਲਰ ਦਾ ਰੋਜ਼ਾਨਾ ਭੱਤਾ ਨਹੀਂ ਮਿਲਿਆ।ਭਾਰਤੀ ਟੀਮ ਦੇ ਇਕ ਅਧਿਕਾਰੀ ਨੇ ਇਸ ਬਾਬਤ ਪੁੱਛਣ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ। ਪਾਲੇਮਬਾਂਗ 'ਚ ਟੈਨਿਸ ਅਤੇ ਨਿਸ਼ਾਨੇਬਾਜ਼ੀ ਵਰਗੀਆਂ ਕੁੱਝ ਖੇਡਾਂ ਦੇ ਮੁਕਾਬਲੇ ਹੋ ਰਹੇ ਹਨ। ਟੈਨਿਸ ਖਿਡਾਰੀਆਂ ਦੇ ਮੁਕਾਬਲੇ ਖ਼ਤਮ ਹੋ ਗਏ ਹਨ। ਨਿਸ਼ਾਨੇਬਾਜ਼ੀ ਦੇ ਮੁਕਾਬਲੇ ਕਲ ਖ਼ਤਮ ਹੋਣਗੇ। ਦੋਵਾਂ ਖੇਡਾਂ 'ਚ ਭਾਰਤੀ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਤਿੰਨ ਸੋਨੇ ਦੇ ਤਮਗ਼ੇ ਜਿੱਤੇ।

ਪਰ ਅਜੇ ਵੀ ਉਨ੍ਹਾਂ ਨੂੰ ਉਨ੍ਹਾਂ ਦਾ ਰੋਜ਼ਾਨਾ ਭੱਤਾ ਨਹੀਂ ਦਿਤਾ ਗਿਆ। ਜ਼ਿਆਦਾਤਰ ਟੈਨਿਸ ਖਿਡਾਰੀ ਅਤੇ ਨਿਸ਼ਾਨੇਬਾਜ਼ ਪਹਿਲਾਂ ਹੀ ਅਪਣੇ ਦੂਜੇ ਮੁਕਾਬਲਿਆਂ ਲਈ ਰਵਾਨਾ ਹੋ ਚੁੱਕੇ ਹਨ। ਨਿਸ਼ਾਨੇਬਾਜ਼ ਦਖਣੀ ਕੋਰੀਆ ਦੇ ਚਾਂਗਵੋਨ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਜਾ ਰਹੇ ਹਨ ਉਥੇ ਡਬਲਜ਼ 'ਚ ਸੋਨਾ ਜਿੱਤਣ ਵਾਲੀ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਦੀ ਜੋੜੀ ਨਿਊਯਾਰਕ 'ਚ ਅਮਰੀਕੀ ਓਪਨ 'ਚ ਹਿੱਸਾ ਲਵੇਗੀ। ਸਾਰੇ ਖਿਡਾਰੀਆਂ ਨੂੰ ਫ਼ੋਰੈਕਸ ਕਾਰਡ ਦੇ ਦਿਤਾ ਗਿਆ ਹੈ ਪਰ ਉਸ 'ਚ ਅਜੇ ਤਕ ਪੈਸੇ ਨਹੀਂ ਪਾਏ ਗਏ।

ਭਾਰਤੀ ਓਲੰਪਿਕ ਸੰਘ ਵਲੋਂ ਏਸ਼ੀਆਈ ਖੇਡਾਂ 'ਚ ਦੇਸ਼ ਦੀ ਟੀਮ ਮੁਖੀ ਬੀ.ਐਸ. ਕੁਸ਼ਵਾਹਾ ਨੇ ਕਿਹਾ ਕਿ ਫ਼ੋਰੈਕਸ ਕਾਰਡ ਛੇਤੀ ਹੀ ਕੰਮ ਕਰਨ ਲਗਣਗੇ। ਉਨ੍ਹਾਂ ਕਿਹਾ, ''ਇਹ ਕਾਰਡ ਦਿੱਲੀ ਤੋਂ ਚਾਲੂ ਕੀਤੇ ਜਾਣਗੇ। ਮੈਂ ਦਿੱਲੀ 'ਚ ਸੰਘ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ 'ਚ ਹਾਂ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੰਮ ਛੇਤੀ ਹੀ ਹੋ ਜਾਵੇਗਾ। ਅੱਜ ਸ਼ਾਮ ਤਕ ਹੋ ਸਕਦਾ ਹੈ।''

ਇਸ ਭੱਤੇ ਨੂੰ ਖੇਡ ਮੰਤਰਾਲਾ ਮਨਜ਼ੂਰੀ ਦਿੰਦਾ ਹੈ ਪਰ ਇਹ ਯਕੀਨੀ ਕਰਨ ਦਾ ਕੰਮ ਆਈ.ਓ.ਏ. ਵੇਖਦਾ ਹੈ ਕਿ ਖਿਡਾਰੀਆਂ ਨੂੰ ਭੱਤਾ ਮਿਲੇ। ਭਾਵੇਂ ਦੇਰ ਨਾਲ ਸੀਨੀਅਰ ਖਿਡਾਰੀਆਂ 'ਤੇ ਅਸਰ ਨਹੀਂ ਪੈਂਦਾ ਪਰ ਨਵੇਂ ਖਿਡਾਰੀਆਂ ਲਈ ਇਹ ਮੁਸ਼ਕਲ ਭਰੀ ਸਥਿਤੀ ਹੈ। ਇਕ ਖਿਡਾਰੀ ਨੇ ਪਛਾਣ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਕਿਹਾ, ''ਖੇਡ ਪਿੰਡ 'ਚ ਵੈਸੇ ਤਾਂ ਸਾਰਾ ਕੁੱਝ ਹੈ ਪਰ ਕਈ ਵਾਰ ਤੁਹਾਨੂੰ ਪੈਸੇ ਦੀ ਜ਼ਰੂਰਤ ਪੈ ਜਾਂਦੀ ਹੈ। ਜੇਕਰ ਪੈਸੇ ਦੇਣੇ ਹੀ ਹਨ ਤਾਂ ਟੂਰਨਾਮੈਂਟ ਦੀ ਸ਼ੁਰੂਆਤ 'ਚ ਹੀ ਕਿਉਂ ਨਹੀਂ ਅਜਿਹਾ ਕਰਦੇ?''              (ਪੀਟੀਆਈ)