ਮੁੰਬਈ ਇੰਡੀਅਨਜ਼ ਬਣੀ WPL ਦੀ ਪਹਿਲੀ ਚੈਂਪੀਅਨ, ਦਿੱਲੀ ਕੈਪੀਟਲਜ਼ ਨੂੰ ਹਰਾ ਕੇ ਰਚਿਆ ਇਤਿਹਾਸ
ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਸੱਤ ਵਿਕਟਾਂ ਨਾਲ ਹਰਾਇਆ
ਮੁੰਬਈ: ਮੁੰਬਈ ਇੰਡੀਅਨਜ਼ ਨੇ ਮਹਿਲਾ ਪ੍ਰੀਮੀਅਰ ਲੀਗ 2023 ਦੇ ਫਾਈਨਲ ਵਿਚ ਦਿੱਲੀ ਕੈਪੀਟਲਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਇਸ ਟੂਰਨਾਮੈਂਟ ਦਾ ਪਹਿਲਾ ਖਿਤਾਬ ਜਿੱਤ ਲਿਆ ਹੈ। ਸ਼ਿਖਾ ਪਾਂਡੇ (ਨਾਬਾਦ 27) ਅਤੇ ਰਾਧਾ ਯਾਦਵ (ਨਾਬਾਦ 27) ਦੀ ਬਦੌਲਤ ਦਿੱਲੀ ਕੈਪੀਟਲਜ਼ ਨੇ ਮੁੰਬਈ ਸਾਹਮਣੇ 132 ਦੌੜਾਂ ਦਾ ਟੀਚਾ ਰੱਖਿਆ। ਮੁੰਬਈ ਇੰਡੀਅਨਜ਼ ਨੇ ਨੈਟ ਸਿਵਰ-ਬਰੰਟ (ਨਾਬਾਦ 60) ਅਤੇ ਹਰਮਨਪ੍ਰੀਤ ਕੌਰ (37) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਇਹ ਟੀਚਾ ਤਿੰਨ ਗੇਂਦਾਂ ਬਾਕੀ ਰਹਿੰਦਿਆਂ ਹੀ ਪੂਰਾ ਕਰ ਲਿਆ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਨੇ ਵਧਾਈ ਮਨਰੇਗਾ ਕਾਮਿਆਂ ਦੀ ਮਜ਼ਦੂਰੀ, ਨੋਟੀਫ਼ੀਕੇਸ਼ਨ ਜਾਰੀ
132 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਟੀਮ ਨੂੰ ਪਾਵਰਪਲੇ 'ਚ ਹੀ ਦੋ ਝਟਕੇ ਲੱਗੇ। ਭਾਟੀਆ 4 ਅਤੇ ਮੈਥਿਊਜ਼ 13 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈਆਂ। ਸਿਵਰ-ਬਰੰਟ ਨੇ 55 ਗੇਂਦਾਂ 'ਤੇ ਸੱਤ ਚੌਕਿਆਂ ਦੀ ਮਦਦ ਨਾਲ ਨਾਬਾਦ 60 ਦੌੜਾਂ ਬਣਾਉਂਦਿਆਂ ਹਰਮਨਪ੍ਰੀਤ ਨਾਲ 72 ਦੌੜਾਂ ਦੀ ਸਾਂਝੇਦਾਰੀ ਕੀਤੀ। ਹਰਮਨਪ੍ਰੀਤ ਟੀਚੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਆਊਟ ਹੋ ਗਈ ਪਰ ਸਿਵਰ-ਬਰੰਟ ਨੇ 20ਵੇਂ ਓਵਰ ਦੀ ਤੀਜੀ ਗੇਂਦ 'ਤੇ ਜੇਤੂ ਚੌਕਾ ਜੜ ਕੇ ਮੁੰਬਈ ਨੂੰ ਇਤਿਹਾਸਕ WPL ਖਿਤਾਬ ਦਿਵਾਇਆ।
ਇਹ ਵੀ ਪੜ੍ਹੋ: ਯੂਰਿਕ ਐਸਿਡ ਦਾ ਕਾਰਨ ਬਣਦੇ ਹਨ ਇਹ ਲੱਛਣ, ਆਉ ਜਾਣਦੇ ਹਾਂ ਇਸ ਬਾਰੇ
ਮਹਿਲਾ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਵਿਚ ਪੰਜ ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ ਮੁੰਬਈ ਅਤੇ ਦਿੱਲੀ ਕੈਪੀਟਲਜ਼ ਦੀ ਟੀਮ ਖ਼ਿਤਾਬੀ ਮੁਕਾਬਲੇ ਵਿਚ ਥਾਂ ਬਣਾਉਣ ਵਿਚ ਕਾਮਯਾਬ ਰਹੀ, ਜਿੱਥੇ ਮੁੰਬਈ ਇੰਡੀਅਨਜ਼ ਨੇ ਫਾਈਨਲ ਵਿਚ ਦਿੱਲੀ ਕੈਪੀਟਲਜ਼ ਨੂੰ ਹਰਾ ਕੇ ਖ਼ਿਤਾਬ ਜਿੱਤਿਆ। ਯੂਪੀ ਵਾਰੀਅਰਜ਼ ਨੇ 8 ਵਿਚੋਂ 4 ਮੈਚ ਜਿੱਤੇ ਅਤੇ 4 ਹਾਰੇ। ਰਾਇਲ ਚੈਲੰਜਰਜ਼ ਬੰਗਲੁਰੂ 8 ਮੈਚਾਂ 'ਚੋਂ 6 ਹਾਰ ਕੇ ਚੌਥੇ ਸਥਾਨ 'ਤੇ ਰਹੀ, ਜਦਕਿ ਗੁਜਰਾਤ ਜਾਇੰਟਸ 8 'ਚੋਂ ਸਿਰਫ 2 ਮੈਚ ਹੀ ਜਿੱਤ ਸਕੀ ਅਤੇ ਅੰਕ ਸੂਚੀ 'ਚ ਆਖਰੀ ਸਥਾਨ 'ਤੇ ਰਹੀ।